
ਚੋਣ ਕਮਿਸ਼ਨ ਨੇ ਫ਼ੇਸਬੁਕ ਨੂੰ ਦੇਸ਼ ਵਿਚ ਮਤਦਾਨ ਤੋਂ 48 ਘੰਟੇ ਪਹਿਲਾਂ ਰਾਜਨੀਤਕ ਇਸ਼ਤਿਹਾਰ ਹਟਾਉਣ ਲਈ ਕਿਹਾ.........
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਫ਼ੇਸਬੁਕ ਨੂੰ ਦੇਸ਼ ਵਿਚ ਮਤਦਾਨ ਤੋਂ 48 ਘੰਟੇ ਪਹਿਲਾਂ ਰਾਜਨੀਤਕ ਇਸ਼ਤਿਹਾਰ ਹਟਾਉਣ ਲਈ ਕਿਹਾ ਹੈ ਹਾਲਾਂਕਿ ਫ਼ੇਸਬੁਕ ਨੇ ਫ਼ਿਲਹਾਲ ਕੋਈ ਪ੍ਰਤੀਕਰਮ ਨਹੀਂ ਦਿਤਾ। ਕੈਂਬਰਿਜ ਐਨਾਲਿਟਕਾ ਮਾਮਲੇ ਵਿਚ ਫ਼ੇਸਬੁਕ ਦਾ ਨਾਮ ਸਾਹਮਣੇ ਆਉਣ ਅਤੇ ਇਸ ਕਾਰਨ ਅਮਰੀਕਾ ਵਿਚ ਚੋਣਾਂ ਪ੍ਰਭਾਵਤ ਹੋਣ ਦੀ ਘਟਨਾ ਮਗਰੋਂ ਦੁਨੀਆਂ ਭਰ ਵਿਚ ਸੋਸ਼ਲ ਮੀਡੀਆ ਦੀਆਂ ਚੋਣਾਂ ਵਿਚ ਦੁਰਵਰਤੋਂ ਨੂੰ ਰੋਕਣ ਦੇ ਯਤਨ ਹੋ ਰਹੇ ਹਨ।
ਇਸ ਸਬੰਧ ਵਿਚ ਭਾਰਤੀ ਚੋਣ ਕਮਿਸ਼ਨ ਨੇ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀ ਚਾਰ ਜੂਨ ਦੀ ਬੈਠਕ ਵਿਚ ਜਨਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਬਾਰੇ ਵਿਚਾਰ ਕਰ ਰਿਹਾ ਹੈ। ਬੈਠਕ ਵਿਚ ਫ਼ੇਸਬੁਕ ਦੇ ਪ੍ਰਤੀਨਿਧ ਨੇ ਇਸ ਗੱਲ ਬਾਰੇ ਸਹਿਮਤੀ ਪ੍ਰਗਟ ਕੀਤੀ ਕਿ ਉਹ ਅਪਣੇ ਪੇਜ 'ਤੇ ਇਕ ਵਿੰਡੋ ਜਾਂ ਬਟਨ ਦੇਵੇਗਾ ਜਿਸ 'ਤੇ ਚੋਣ ਕਾਨੂੰਨਾਂ ਦੀ ਉਲੰਘਣਾ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
ਫ਼ੇਸਬੁਕ ਦੇ ਪ੍ਰਤੀਨਿਧ ਨੇ ਬੈਠਕ ਵਿਚ ਕਿਹਾ ਕਿ ਸਮਗੱਰੀ ਵਿਰੁਧ ਸ਼ਿਕਾਇਤ ਫ਼ੇਸਬੁਕ 'ਤੇ ਹੀ ਦਿਤੀ ਜਾ ਸਕਦੀ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਇਸ ਦੀ ਸਮੀਖਿਆ ਕੀਤੀ ਜਾਵੇਗੀ। ਜੇ ਸਮੱਗਰੀ ਇਤਰਾਜ਼ਯੋਗ ਹੈ ਤਾਂ ਹਟਾ ਦਿਤੀ ਜਾਵੇਗੀ। (ਏਜੰਸੀ)