
ਬਲਵੰਤ ਸਿੰਘ ਖੇੜਾ ਵਲੋਂ ਤਾਜ਼ਾ ਪਟੀਸ਼ਨ ਦਾਖ਼ਲ, ਰੀਕਾਰਡ ਇਕ ਥਾਂ ਇਕੱਠਾ ਹੋਇਆ
ਚੰਡੀਗੜ੍ਹ, 18 ਅਪ੍ਰੈਲ, (ਨੀਲ ਭਲਿੰਦਰ ਸਿੰਘ) : ਅਕਾਲੀ ਦਲ (ਬਾਦਲ) ਦੇ ਦੋ ਵਿਧਾਨਾਂ ਦੇ ਮੁੱਦੇ 'ਤੇ ਦਿੱਲੀ ਹਾਈ ਕੋਰਟ ਦੇ ਸੁਝਾਅ ਅਨੁਸਾਰ ਪਟੀਸ਼ਨਰ ਬਲਵੰਤ ਸਿਂੰਘ ਖੇੜਾ ਨੇ ਤਾਜ਼ਾ ਪਟੀਸ਼ਨ ਦਾਖ਼ਲ ਕਰ ਦਿਤੀ ਹੈ। ਖੇੜਾ ਦੀ ਮੰਗ ਹੈ ਕਿ ਦੋ ਵਿਧਾਨ ਹੋਣ ਕਾਰਨ ਅਕਾਲੀ ਦਲ ਦੀ ਮਾਨਤਾ ਰੱਦ ਕੀਤੀ ਜਾਵੇ। ਦਿੱਲੀ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀ ਸਿੰਘ ਦੇ ਡਵੀਜ਼ਨ ਬੈਂਚ ਨੇ ਅੱਜ ਇਸ 'ਤੇ ਸੁਣਵਾਈ ਆਰੰਭ ਕਰ ਦਿਤੀ।
ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਣ, ਨਰਾਇਣ ਕ੍ਰਿਸ਼ਨ, ਇੰਦਰਾ ਓਨੀਆਰ ਤੇ ਬੀਬੀਨ ਕੁਰੀਅਨ ਵਲੋਂ ਬਲਵੰਤ ਸਿਂੰਘ ਖੇੜਾ ਦੇ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ। ਹਾਈ ਕੋਰਟ ਬੈਂਚ ਨੇ ਅਕਾਲੀ ਦਲ 'ਤੇ ਦਸਤਾਵੇਜ਼ਾਂ ਨਾਲ ਵਾਰ-ਵਾਰ ਛੇੜਛਾੜ ਦੇ ਦੋਸ਼ਾਂ ਵਾਲੀ ਇਸ ਤਾਜ਼ਾ ਪਟੀਸ਼ਨ 'ਤੇ ਪਲੇਠੀ ਸੁਣਵਾਈ ਦੌਰਾਨ ਸਮੂਹ ਜਵਾਬਦੇਹ ਧਿਰਾਂ ਭਾਰਤੀ ਚੋਣ ਕਮਿਸ਼ਨ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਰਾਜ ਚੋਣ ਕਮਿਸ਼ਨ, ਸ਼੍ਰੋਮਣੀ ਗੁਰਦਵਾਰਾ ਕਮੇਟੀ, ਗੁਰਦਵਾਰਾ ਚੋਣ ਕਮਿਸ਼ਨ, ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ, ਡਇਰੈਕਟੋਰੇਟ ਆਫ਼ ਗੁਰਦਵਾਰਾ ਚੋਣਾਂ ਦਿੱਲੀ ਨੂੰ 12 ਸਤੰਬਰ ਲਈ ਨੋਟਿਸ ਜਾਰੀ ਕੀਤਾ ਹੈ।
Delhi High Court
ਤਾਜ਼ਾ ਪਟੀਸ਼ਨ ਨਾਲ ਇਸ ਕੇਸ ਵਿਚ ਹੁਣ ਪਿਛਲੇ ਕਰੀਬ ਸਾਢੇ ਸੱਤ ਸਾਲ ਦਾ ਸਬੰਧਤ ਰੀਕਾਰਡ ਇਕ ਥਾਂ ਇਕੱਤਰ ਹੋ ਗਿਆ ਹੈ ਜਿਸ ਨੂੰ ਆਧਾਰ ਬਣਾ ਕੇ ਖੇੜਾ ਦੀ ਵਕੀਲ ਇੰਦਰਾ ਉਨਿਆਰ ਕਰੀਬ 75 ਪੰਨਿਆਂ ਦਾ ਮਸੌਦਾ ਸੋਧੀ ਹੋਈ ਅਰਜ਼ੀ ਦੇ ਰੂਪ 'ਚ ਪਹਿਲਾਂ ਹੀ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਦੇ ਸਨਮੁਖ ਪੇਸ਼ ਕਰ ਚੁਕੀ ਹੈ। ਬੈਂਚ ਦਾ ਮੰਨਣਾ ਸੀ ਕਿ ਕੇਸ ਵਿਚ ਹੁਣ ਲਗਭਗ ਪਿਛਲਾ ਸਾਰਾ ਰੀਕਾਰਡ ਇਕ ਥਾਂ ਆ ਚੁਕਾ ਹੋਣ ਨਾਤੇ ਅਗਲੀ ਅਦਾਲਤੀ ਪ੍ਰੀਕਿਰਿਆ ਹੁਣ ਇਸ ਸਥਿਤੀ ਤੋਂ ਅੱਗੇ ਤੋਰੀ ਜਾਵੇ। 'ਰੋਜ਼ਾਨਾ ਸਪੋਕਸਮੈਨ' ਨੂੰ ਖੇੜਾ ਦੀ ਵਕੀਲ ਇੰਦਰਾ ਉਨਿਆਰ ਦੇ ਹਵਾਲੇ ਨਾਲ ਹਾਸਲ ਹੋਈ ਜਾਣਕਾਰੀ ਮੁਤਾਬਕ ਉਨ੍ਹਾਂ ਵਲੋਂ ਹੁਣ ਤਕ ਦਾ ਸਮੁੱਚਾ ਰੀਕਾਰਡ ਸਣੇ ਚੋਣ ਕਮਿਸ਼ਨ ਕੋਲੋਂ ਹਾਸਲ ਤਾਜ਼ਾ ਆਰਟੀਆਈ ਸੂਚਨਾ ਸੋਧੀ ਹੋਈ ਅਪੀਲ ਦੇ ਤੌਰ 'ਤੇ ਹਾਈ ਕੋਰਟ 'ਚ ਦਾਇਰ ਕੀਤਾ ਜਾ ਚੁਕਾ ਹੈ। ਪਟੀਸ਼ਨਰ ਦੀ ਵਕੀਲ ਵਲੋਂ ਬੈਂਚ ਨੂੰ ਕਿਹਾ ਗਿਆ ਹੈ ਕਿ ਇਹ ਕੇਸ ਇਸ ਦਲੀਲ ਅਤੇ ਦਾਅਵੇ ਨਾਲ ਲੜਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਗ਼ਲਤ ਹਲਫ਼ ਦੇ ਕੇ ਮਾਨਤਾ ਲਈ ਹੈ ਜੋ ਧੋਖਾ ਹੈ ਅਤੇ ਇਹ ਫ਼ਰਾਡ ਚੋਣ ਕਮਿਸ਼ਨ ਵਲੋਂ ਕਿਸੇ ਸਿਆਸੀ ਪਾਰਟੀ ਦੀ ਮਾਨਤਾ ਰੱਦ ਕਰਨ ਲਈ ਵਾਜਬ ਮੰਨੇ ਜਾਂਦੇ ਤਿੰਨ ਪ੍ਰਮੁੱਖ ਕਾਰਨਾਂ ਵਿਚੋਂ ਇਕ ਹੈ।