
ਕਰੀਬ ਦੋ ਸਾਲ ਪਹਿਲਾਂ ਭਾਰਤੀ ਫ਼ੌਜ ਦੇ ਜਵਾਨਾਂ ਦੁਆਰਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਦਾਖ਼ਲ ਹੋ ਕੇ ...........
ਨਵੀਂ ਦਿੱਲੀ : ਕਰੀਬ ਦੋ ਸਾਲ ਪਹਿਲਾਂ ਭਾਰਤੀ ਫ਼ੌਜ ਦੇ ਜਵਾਨਾਂ ਦੁਆਰਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਦਾਖ਼ਲ ਹੋ ਕੇ ਕੀਤੇ ਗਏ ਸਰਜੀਕਲ ਹਮਲੇ ਦੀ ਵੀਡੀਉ ਸਾਹਮਣੇ ਆਈ ਹੈ। ਵੀਡੀਉ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਜਵਾਨਾਂ ਨੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਤਹਿਸ-ਨਹਿਸ ਕੀਤਾ ਸੀ। ਰਾਕੇਟ ਲਾਂਚਰ, ਮਿਜ਼ਾਈਲਾਂ ਅਤੇ ਛੋਟੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਪਾਕਿਸਤਾਨ ਨੇ 18 ਸਤੰਬਰ 2016 ਨੂੰ ਹਮਲਾ ਕੀਤਾ ਸੀ ਤੇ ਭਾਰਤ ਨੇ ਇਸ ਹਮਲੇ ਦੇ 11 ਦਿਨਾਂ ਮਗਰੋਂ ਸਰਜੀਕਲ ਹਮਲੇ ਨੂੰ ਅੰਜਾਮ ਦਿਤਾ।
ਹਮਲੇ ਬਾਰੇ ਇਕ ਵਾਰ ਵਿਰ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਫ਼ੌਜ ਦੀ ਕੁਰਬਾਨੀ ਨੂੰ ਵੋਟਾਂ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ, ਭਾਜਪਾ ਨੇ ਕਿਹਾ ਕਿ ਇਸ ਵੀਡੀਉ 'ਤੇ ਦੇਸ਼ ਦੇ ਹਰ ਨਾਗਰਿਕ ਨੂੰ ਮਾਣ ਹੋਣਾ ਚਾਹੀਦਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਜਪਾ 'ਤੇ ਫ਼ੌਜ ਨਾਲ ਮਤਰੇਆ ਸਲੂਕ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਪੁਛਿਆ ਕਿ ਇਸ ਵੀਡੀਉ ਨੂੰ ਜਾਰੀ ਕਰਨ ਦੀ ਲੋੜ ਕਿਉਂ ਪਈ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਫ਼ੌਜ ਦੇ ਜਵਾਨਾਂ ਦੀ ਕੁਰਬਾਨੀ ਦੀ ਵਰਤੋਂ ਵੋਟਾਂ ਲਈ ਨਹੀਂ ਕਰ ਸਕਦੀ।
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਲਗਾਤਾਰ ਸਰਜੀਕਲ ਹਮਲੇ 'ਤੇ ਸਵਾਲ ਚੁੱਕ ਰਹੀ ਹੈ ਜਿਸ ਤੋਂ ਪਾਕਿਸਤਾਨੀ ਅਤਿਵਾਦੀਆਂ ਨੂੰ ਖ਼ੁਸ਼ੀ ਮਿਲ ਰਹੀ ਹੋਵੇਗੀ। ਭਾਜਪਾ ਨੇ ਕਿਹਾ ਕਿ ਕਾਂਗਰਸ ਸਪੱਸ਼ਟ ਕਰੇ ਕਿ ਉਹ ਸਰਜੀਕਲ ਹਮਲੇ ਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ। ਭਾਜਪਾ ਨੇ ਵਿਰੋਧੀ ਧਿਰ 'ਤੇ ਦੇਸ਼ ਦੇ ਲੋਕਾਂ ਦਾ ਹੌਸਲਾ ਤੋੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ
ਕਾਂਗਰਸ ਹੁਣ ਮੁੱਖਧਾਰਾ ਦੀ ਪਾਰਟੀ ਨਹੀਂ ਰਹੀ ਸਗੋਂ ਹਾਸ਼ੀਏ ਦੀ ਪਾਰਟੀ ਬਣ ਕੇ ਰਹਿ ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ, 'ਜਦ ਪੂਰਾ ਦੇਸ਼ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੇ ਸਾਹਸ 'ਤੇ ਮਾਣ ਕਰ ਰਿਹਾ ਸੀ ਤਾਂ ਰਾਹੁਲ ਗਾਂਧੀ ਨੇ ਸਰਜੀਕਲ ਹਮਲੇ ਨੂੰ ਖ਼ੂਨ ਦੀ ਦਲਾਲੀ ਕਿਹਾ ਸੀ। (ਏਜੰਸੀ)