
ਕਾਂਗਰਸ ’ਤੇ ਭੜਕੇ ਓਵੈਸੀ
ਨਵੀਂ ਦਿੱਲੀ: 2 ਸਾਲ ਪਹਿਲਾਂ ਅਲਵਰ ਲਿੰਚਿੰਗ ਵਿਚ ਮਾਰੇ ਗਏ ਪਹਲੂ ਖ਼ਾਨ ਵਿਰੁਧ ਰਾਜਸਥਾਨ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਮਾਮਲੇ ’ਤੇ ਏਆਈਐਮਆਈਐਮ ਆਗੂ ਅਸਦੁਦੀਨ ਓਵੈਸੀ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਜਦੋਂ ਸੱਤਾ ਵਿਚ ਆਉਂਦੀ ਹੈ ਤਾਂ ਉਹ ਭਾਜਪਾ ਦੀ ਤਰ੍ਹਾਂ ਬਣ ਜਾਂਦੀ ਹੈ।
Mob Lynching
ਅੰਗਰੇਜ਼ੀ ਅਖ਼ਬਾਰ ਦ ਇੰਡੀਅਨ ਐਕਸਪ੍ਰੈਸ ਮੁਤਾਬਕ ਰਾਜਸਥਾਨ ਪੁਲਿਸ ਨੇ ਪਹਲੂ ਖ਼ਾਨ ਵਿਰੁਧ ਗੋਤਸਕਰੀ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਸ ਦਈਏ ਕਿ ਸਾਲ 2017 ਵਿਚ ਅਲਵਰ ਵਿਚ ਗਊ ਰੱਖਿਅਕਾਂ ਦੀ ਭੀੜ ਨੇ ਪਹਲੂ ਖ਼ਾਨ ਨੂੰ ਇੰਨੇ ਬੂਰੇ ਤਰੀਕੇ ਨਾਲ ਕੁੱਟਿਆ ਸੀ ਕਿ ਉਸ ਦੀ ਮੌਤ ਹੋ ਗਈ ਸੀ। ਉਸ ਵਕਤ ਖ਼ਾਨ ਇਕ ਵਾਹਨ ਵਿਚ ਮਾਸ ਲੈ ਕੇ ਜਾ ਰਿਹਾ ਸੀ। ਪੁਲਿਸ ਦੀ ਚਾਰਜਸ਼ੀਟ ਵਿਚ ਇਸ ਵਾਹਨ ਦੇ ਮਾਲਕ ਦਾ ਵੀ ਨਾਮ ਹੈ।
ਇਹ ਚਾਰਜਸ਼ੀਟ ਰਾਜ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਲ 30 ਦਸੰਬਰ ਨੂੰ ਬਣਾਈ ਗਈ ਸੀ। ਇਸ ਸਾਲ 29 ਮਈ ਨੂੰ ਇਹ ਚਾਰਜਸ਼ੀਟ ਬੇਹਰੋੜ ਦੇ ਐਡੀਸ਼ਨਲ ਚੀਫ਼ ਜਯੂਡੀਸ਼ੀਅਲ ਮੈਜਿਸਟ੍ਰੇਟ ਦੇ ਕੋਰਟ ਵਿਚ ਪੇਸ਼ ਕੀਤੀ ਗਈ ਸੀ। ਚਾਰਜਸ਼ੀਟ ਵਿਚ ਖ਼ਾਨ ਅਤੇ ਉਹਨਾਂ ਦੇ ਪੁੱਤਰ ਨੂੰ ਰਾਜਸਥਾਨ ਬੋਵਾਈਨ ਜਾਨਵਰ ਐਕਟ 1995 ਦੀ ਧਾਰਾ 5, 8 ਅਤੇ 9 ਤਹਿਤ ਆਰੋਪੀ ਬਣਾਇਆ ਗਿਆ ਹੈ। ਦਸ ਦਈਏ ਕਿ ਰਾਜਸਥਾਨ ਪੁਲਿਸ ਦੀ ਚਾਰਜਸ਼ੀਟ ਵਿਚ ਇਰਸ਼ਾਦ ਤੋਂ ਇਲਾਵਾ ਪਹਲੂ ਖ਼ਾਨ ਦੇ ਛੋਟੇ ਬੇਟੇ ਆਰਿਫ਼ ਦਾ ਵੀ ਨਾਮ ਹੈ।