
100 ਸਾਲ ਵਿਚ ਸਿਰਫ਼ 5 ਵਾਰ ਹੋਈ ਇੰਨੀ ਘਟ ਬਾਰਿਸ਼
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿਚ ਗਰਮੀ ਨਾਲ ਹਾਲ ਬੇਹਾਲ ਹੋਇਆ ਪਿਆ ਹੈ। ਹਾਲਾਤ ਅਜਿਹੇ ਹਨ ਕਿ ਇਹ ਮਹੀਨਾ ਪਿਛਲੇ 100 ਸਾਲਾਂ ਦੌਰਾਨ 5 ਸਭ ਤੋਂ ਸੁੱਕੇ ਜੂਨ ਮਹੀਨੇ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ਮਹੀਨੇ ਦੇਸ਼ ਵਿਚ ਬਾਰਿਸ਼ ਔਸਤਨ ਤੋਂ 35 ਫ਼ੀ ਸਦੀ ਘਟ ਰਹੀ ਹੈ। ਪੂਰਬੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਇਹ ਕਮੀ ਸਭ ਤੋਂ ਜ਼ਿਆਦਾ ਦੇਖੀ ਗਈ ਹੈ।
Place
ਜੂਨ ਵਿਚ ਬਾਰਿਸ਼ ਦਾ ਦੇਸ਼ ਦਾ ਜਨਰਲ ਔਸਤ 151.1 ਮਿਲੀਮੀਟਰ ਹੈ ਪਰ ਇਸ ਮਹੀਨੇ ਹੁਣ ਤਕ ਇਹ ਅੰਕੜਾ 97.9 ਮਿਲੀਮੀਟਰ ਤਕ ਹੀ ਪਹੁੰਚਿਆ ਹੈ। ਇਸ ਮਹੀਨੇ ਦੇ ਅੰਤ ਤਕ ਬਾਰਿਸ਼ ਦਾ ਅੰਕੜਾ 106 ਤੋਂ ਲੈ ਕੇ 112 ਮਿਲੀਮੀਟਰ ਤਕ ਪਹੁੰਚ ਸਕਦਾ ਹੈ। ਅੰਗਰੇਜ਼ੀ ਅਖ਼ਬਾਰ ਦ ਟਾਈਮਸ ਆਫ਼ ਇੰਡੀਆ ਮੁਤਾਬਕ 1920 ਤੋਂ ਬਾਅਦ ਅਜਿਹੇ 4 ਹੀ ਸਾਲ ਸਨ ਜਦੋਂ ਜੂਨ ਵਿਚ ਇਸ ਤੋਂ ਘਟ ਬਾਰਿਸ਼ ਹੋਈ ਹੋਵੇ।
ਦਸ ਦਈਏ ਕਿ ਅਲ-ਨੀਨੋ ਦੇ ਆਸਾਰ ਨਾਲ ਪੂਰਬੀ ਅਤੇ ਮੱਧ ਪ੍ਰਸ਼ਾਂਤ ਮਹਾਂਸਾਗਰ ਦੀ ਸਤ੍ਹਾ ਵਿਚ ਨਬਰਾਬਰ ਰੂਪ ਵਿਚ ਗਰਮੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਵਿਚ ਹਵਾਵਾਂ ਦਾ ਚਕਰ ਪ੍ਰਭਾਵਿਤ ਹੁੰਦਾ ਹੈ ਅਤੇ ਇਹ ਮਾਨਸੂਨ ’ਤੇ ਨਕਾਰਾਤਮਕ ਅਸਰ ਪਾਉਂਦਾ ਹੈ। ਮੌਸਮ ਅਤੇ ਖੇਤੀ ਵਿਗਿਆਨੀਆਂ ਨੇ ਸੰਭਾਵਨਾ ਜਤਾਈ ਹੈ ਕਿ ਜੂਨ ਵਿਚ ਬਾਰਿਸ਼ ਦੀ ਕਮੀ ਦੀ ਭਰਪਾਈ ਜੇਕਰ ਜੁਲਾਈ ਤੋਂ ਸਤੰਬਰ ਦੌਰਾਨ ਨਹੀਂ ਹੋਈ ਤਾਂ ਭੂਮੀ ’ਤੇ ਜਲ ਦੀ ਭਾਰੀ ਕਮੀ ਆ ਸਕਦੀ ਹੈ।
ਫਿਲਹਾਲ ਚੰਗੀ ਖ਼ਬਰ ਇਹ ਹੈ ਕਿ ਦੇਸ਼ ਦੇ ਪੱਛਮੀ ਹਿੱਸਿਆਂ ਵਿਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। 28 ਜੂਨ ਨੂੰ ਦੇਰ ਸ਼ਾਮ ਤਕ ਮੁੰਬਈ ਵਿਚ 12 ਘੰਟੇ ਦੌਰਾਨ 150 ਮਿਲੀਮੀਟਰ ਪਾਣੀ ਵਰਸਿਆ ਹੈ।