ਚਾਹ ਪੱਤੀਆਂ 'ਚ ਛੁਪਾ ਕੇ ਮਿਆਂਮਾਰ ਤੋਂ ਲਿਆਂਦੀ 10 ਕਰੋੜ ਦੀ ਅਫੀਮ, 7 ਸੂਬਿਆਂ 'ਚ ਨੈੱਟਵਰਕ
ਰਾਜਸਥਾਨ : ਮਿਆਂਮਾਰ ਤੋਂ ਰਾਜਸਥਾਨ ਦੇ ਰਸਤੇ ਮਣੀਪੁਰ ਤੱਕ ਡਰੱਗ ਸਪਲਾਈ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਮਾਸਟਰਮਾਈਂਡ ਰਾਜਸਥਾਨ ਦਾ ਹੀ ਹੈ।
10ਵੀਂ ਪਾਸ ਮੁਲਜ਼ਮ ਚਾਹ ਪੱਤੀ ਵਿਚ ਨਸ਼ੀਲੇ ਪਦਾਰਥ ਛੁਪਾ ਕੇ ਆਸਾਮ, ਦਿੱਲੀ, ਪੰਜਾਬ ਅਤੇ ਰਾਜਸਥਾਨ ਸਮੇਤ 7 ਰਾਜਾਂ ਵਿਚ ਆਰਾਮ ਨਾਲ ਸਪਲਾਈ ਕਰਦਾ ਸੀ।
ਇਸ ਦੇ ਮਿਆਂਮਾਰ ਦੇ ਤਸਕਰਾਂ ਨਾਲ ਸਿੱਧੇ ਸਬੰਧ ਹਨ। ਉਹ ਇਕ ਵਾਰ ਵਿਚ 10 ਕਰੋੜ ਦੇ ਨਸ਼ੇ ਦੇ ਸੌਦੇ ਕਰਦਾ ਸੀ, ਤਾਂ ਜੋ ਉਹ ਇਕ-ਦੋ ਮਹੀਨੇ ਆਰਾਮ ਨਾਲ ਸਪਲਾਈ ਕਰ ਸਕੇ। ਸਾਰਾ ਸੌਦਾ ਕ੍ਰਿਪਟੋਕਰੰਸੀ ਜਾਂ ਹਵਾਲਾ ਰਾਹੀਂ ਦਿਤਾ ਗਿਆ ਸੀ।
ਦਰਅਸਲ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 12 ਦਿਨ ਪਹਿਲਾਂ ਦਿੱਲੀ ਵਿਚ ਕਾਰਵਾਈ ਕਰਦੇ ਹੋਏ ਇੱਕ ਟਰੱਕ ਡਰਾਈਵਰ ਨੂੰ ਫੜਿਆ ਸੀ। ਜਿਸ ਨੇ ਪੁੱਛਗਿੱਛ ਦੌਰਾਨ ਮਾਸਟਰਮਾਈਂਡ ਦੇ ਰਾਜ਼ ਦਾ ਖੁਲਾਸਾ ਕੀਤਾ।
ਸਪੈਸ਼ਲ ਸੈੱਲ ਦੀ ਟੀਮ ਨੇ ਕਾਰਵਾਈ ਕਰਦਿਆਂ ਉਸ ਨੂੰ ਜਲੌਰ ਜ਼ਿਲ੍ਹੇ ਦੇ ਪਿੰਡ ਸਰਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਅਜੇ ਵੀ ਇਸ ਅੰਤਰਰਾਸ਼ਟਰੀ ਗਿਰੋਹ ਦੇ ਕਈ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
                    
                