
ਭਾਰਤ ਦੀ ਆਬਾਦੀ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦਸਤਾਵੇਜ਼ ਨਹੀਂ
ਕੋਚੀ: ਭਾਰਤ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਮਰਦਾਂ ’ਚ ਸਾਲਾਨਾ 0.19 ਫੀ ਸਦੀ ਘਟੀ ਹੈ, ਪਰ ਔਰਤਾਂ ਲਈ 0.25 ਫੀ ਸਦੀ ਵਧੀ ਹੈ। ਇਸ ਤਰ੍ਹਾਂ ਕੈਂਸਰ ਕਾਰਨ ਦੋਵਾਂ ਲਿੰਗਾਂ ਦੀ ਮੌਤ ਦਰ ਵਿਚ 0.02 ਫੀ ਸਦੀ ਦਾ ਵਾਧਾ ਹੋਇਆ ਹੈ। ਇਹ ਗੱਲ ਇੱਕ ਤਾਜ਼ਾ ਅਧਿਐਨ ’ਚ ਸਾਹਮਣੇ ਆਈ ਹੈ। ਇਹ ਖੋਜ ਭਾਰਤੀ ਆਬਾਦੀ ’ਚ ਕੈਂਸਰ ਦੀਆਂ 23 ਪ੍ਰਮੁੱਖ ਕਿਸਮਾਂ ਤੋਂ ਮੌਤ ਦਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦਾ ਹਿੱਸਾ ਸੀ। 2000 ਤੋਂ 2019 ਦਰਮਿਆਨ 1.28 ਕਰੋੜ ਭਾਰਤੀਆਂ ਦੀ ਮੌਤ ਵੱਖ-ਵੱਖ ਤਰ੍ਹਾਂ ਦੇ ਕੈਂਸਰ ਕਾਰਨ ਹੋਈ।
ਅਮਰੀਕਨ ਸੋਸਾਇਟੀ ਆਫ ਕਲੀਨਿਕਲ ਓਨਕੋਲੋਜੀ ਨਾਲ ਸਬੰਧਤ ਜਰਨਲ ਜੇ.ਸੀ.ਓ. ਗਲੋਬਲ ਓਨਕੋਲੋਜੀ ’ਚ ਪ੍ਰਕਾਸ਼ਤ ਅਧਿਐਨ, ਅੰਮ੍ਰਿਤ ਹਸਪਤਾਲ ਦੇ ਅਜੀਲ ਸ਼ਾਜੀ, ਡਾ. ਕੇ.ਕੇ. ਪਵਿੱਤਰਨ ਦੇ ਅਤੇ ਡਾ. ਡੀ.ਕੇ. ਵਿਜੈਕੁਮਾਰ ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਇਕ ਡਿਵੀਜ਼ਨ ਇੰਟਰਨੈਸ਼ਨਲ ਏਜੰਸੀ ਫ਼ਾਰ ਰੀਸਰਚ ਆਨ ਕੈਂਸਰ ਦੀ ਡਾ. ਕੈਥਰੀਨ ਸੌਵਗੇਟ ਦੇ ਸਹਿਯੋਗ ਨਾਲ ਕੀਤਾ ਗਿਆ।
ਅਧਿਐਨ ਅਨੁਸਾਰ, 2000 ਅਤੇ 2019 ਦੇ ਵਿਚਕਾਰ ਫੇਫੜਿਆਂ, ਛਾਤੀ, ਕੋਲੋਰੈਕਟਮ, ਲਿਮਫੋਮਾ, ਮਲਟੀਪਲ ਮਾਈਲੋਮਾ, ਗਾਲ ਬਲੈਡਰ, ਪੈਨਕ੍ਰੀਆਸ, ਗੁਰਦੇ ਅਤੇ ਮੇਸੋਥੈਲੀਓਮਾ ਲਈ ਕੈਂਸਰ ਦੀ ਮੌਤ ਦਰ ਵਧੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋਹਾਂ ਲਿੰਗਾਂ ਵਿਚ, ਪੈਨਕ੍ਰੀਆਟਿਕ ਕੈਂਸਰ ਨੇ ਮੌਤ ਦਰ ਵਿਚ ਸਭ ਤੋਂ ਵੱਧ 2.7 ਫ਼ੀ ਸਦੀ (ਮਰਦਾਂ ’ਚ 2.1 ਪ੍ਰਤੀਸ਼ਤ ਅਤੇ ਔਰਤਾਂ ਵਿਚ 3.7 ਪ੍ਰਤੀਸ਼ਤ) ਦਾ ਸਾਲਾਨਾ ਵਾਧਾ ਦਰਸਾਇਆ ਹੈ।
ਹਾਲਾਂਕਿ, ਪੇਟ, ਭੋਜਨ ਨਲੀ, ਲੁਕੇਮੀਆ, ਸਾਹ ਨਾਲੀ, ਅਤੇ ਮੇਲੋਨੋਮਾ ਕੈਂਸਰਾਂ ਦੀ ਮੌਤ ਦਰ ’ਚ ਕਮੀ ਵੇਖੀ ਗਈ ਸੀ। ਇਹ ਕਮੀ ਮਰਦਾਂ ਅਤੇ ਔਰਤਾਂ ਦੋਹਾਂ ’ਚ ਵੇਖੀ ਗਈ ਸੀ। ਇੱਥੋਂ ਦੇ ਅੰਮ੍ਰਿਤ ਹਸਪਤਾਲ ’ਚ ਕੈਂਸਰ ਰਜਿਸਟਰੀ ਦੇ ਮੁਖੀ ਅਜੀਲ ਸ਼ਾਜੀ ਨੇ ਕਿਹਾ ਕਿ ਭਾਰਤ ਦੀ ਆਬਾਦੀ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦਸਤਾਵੇਜ਼ ਨਹੀਂ ਹੈ। ਉਨ੍ਹਾਂ ਕਿਹਾ, ‘‘ਇਸ ਲਈ, ਅਸੀਂ ਗਲੋਬਲ ਹੈਲਥ ਆਬਜ਼ਰਵੇਟਰੀ ਡੇਟਾਬੇਸ ਦੇ ਅਧਾਰ ’ਤੇ 2000 ਅਤੇ 2019 ਦੇ ਵਿਚਕਾਰ 23 ਵੱਡੇ ਕੈਂਸਰਾਂ ਲਈ ਸਮੁੱਚੀ ਅਤੇ ਵਿਅਕਤੀਗਤ ਕੈਂਸਰ ਮੌਤ ਦਰ ਦਾ ਵਿਸ਼ਲੇਸ਼ਣ ਕੀਤਾ।’’