
ਕਿਹਾ, ਦਿੱਲੀ ਦੇ ਕਿਸੇ ਵੀ ਵਿਅਕਤੀ ਦੀ ਵੋਟ ਕੱਟੀ ਨਹੀਂ ਦਿਤੀ ਜਾਵੇਗੀ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵਰਤੀ ਗਈ ਰਣਨੀਤੀ ਦਿੱਲੀ ਚੋਣਾਂ ਵਿਚ ਵੀ ਭਾਜਪਾ ਅਪਣਾ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ’ਤੇ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦਿੱਲੀ ’ਚ ਚੋਣਾਂ ਦੇ ਨਾਂ ’ਤੇ ਇਕ ਖੇਡ ਖੇਡੀ ਜਾ ਰਹੀ ਹੈ। ਇਸ ਵਾਰ ਭਾਜਪਾ ਕਿਸੇ ਵੀ ਕੀਮਤ ’ਤੇ ਚੋਣਾਂ ਜਿੱਤਣਾ ਚਾਹੁੰਦੀ ਹੈ। ਭਾਜਪਾ ਨੇ ਵੋਟਾਂ ਕੱਟਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿਤੀ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਲੋਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵਰਤੀ ਗਈ ਰਣਨੀਤੀ ਦਿੱਲੀ ਚੋਣਾਂ ’ਚ ਵੀ ਅਪਣਾ ਰਹੀ ਹੈ। ਭਾਜਪਾ ਵਾਲੇ ਵੀ ਇਕ ਸਾਜ਼ਿਸ਼ ਤਹਿਤ ਵੋਟਰ ਸੂਚੀ ਵਿਚ ਨਵੇਂ-ਨਵੇਂ ਨਾਮ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਦਿੱਲੀ ਦੇ ਲੋਕਾਂ ਲਈ ਕੋਈ ਵਿਜ਼ਨ ਨਹੀਂ ਹੈ। ਭਾਜਪਾ ਕੋਲ ਉਮੀਦਵਾਰ ਨਹੀਂ ਹਨ।
Photo
ਭਾਜਪਾ ਬੇਈਮਾਨੀ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਲੋਕਾਂ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਜੋ ਚਾਲਾਂ ਅਪਣਾਈਆਂ ਹਨ, ਅਸੀਂ ਉਨ੍ਹਾਂ ਚਾਲਾਂ ਨਾਲ ਉਨ੍ਹਾਂ ਨੂੰ ਹਰਾਵਾਂਗੇ। ਉਨ੍ਹਾਂ ਨੇ ਭਾਜਪਾ ’ਤੇ 15 ਦਸੰਬਰ ਤੋਂ ਦਿੱਲੀ ’ਚ ਆਪਰੇਸ਼ਨ ਲੋਟਸ ਚਲਾਉਣ ਦਾ ਦੋਸ਼ ਲਗਾਇਆ। ਨਵੀਂ ਦਿੱਲੀ ਵਿਧਾਨ ਸਭਾ ਹਲਕੇ ’ਚ ਉਨ੍ਹਾਂ ਨੇ 5 ਹਜ਼ਾਰ ਦੇ ਕਰੀਬ ਅਰਜ਼ੀਆਂ ਦਾਇਰ ਕੀਤੀਆਂ ਹਨ।
ਇਸ ਤੋਂ ਇਲਾਵਾ 7500 ਵੋਟਾਂ ਜੋੜਨ ਲਈ ਅਰਜ਼ੀ ਦਾਇਰ ਕੀਤੀ ਗਈ ਹੈ। ਜੇਕਰ ਉਹ ਇਧਰ-ਉਧਰ 12 ਫ਼ੀ ਸਦੀ ਵੋਟਾਂ ਦੇ ਦਿੰਦੇ ਹਨ ਤਾਂ ਚੋਣਾਂ ਕਰਵਾਉਣ ਦਾ ਕੀ ਫ਼ਾਇਦਾ? ਇਸ ਤਰ੍ਹਾਂ ਚੋਣਾਂ ਕਰਵਾਉਣ ਦੀ ਕੀ ਲੋੜ ਹੈ? ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੀ ਚੋਣ ਲੜਾਈ ਵਿਚ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਕੋਲ ਨਾ ਤਾਂ ਵਿਜ਼ਨ ਹੈ, ਨਾ ਚਿਹਰਾ ਅਤੇ ਨਾ ਹੀ ਉਮੀਦਵਾਰ।
ਜਦੋਂ ਨਵੀਂ ਦਿੱਲੀ ’ਚ ਕੁੱਲ੍ਹ 1,00,600 ਵੋਟਰ ਹਨ। ਜੇਕਰ 12 ਫ਼ੀ ਸਦੀ ਵੋਟਾਂ ’ਚ ਗੜਬੜੀ ਹੁੰਦੀ ਹੈ ਤਾਂ ਚੋਣ ਕਮਿਸ਼ਨ ’ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। 10 ਲੋਕ ਵੋਟਾਂ ਕਟਾਉਣ ਲਈ ਅਰਜ਼ੀ ਦੇ ਰਹੇ ਹਨ। ਜਦੋਂ ਅਸੀਂ ਜਾਂਚ ਕੀਤੀ ਤਾਂ 10 ਵਿਚੋਂ ਅੱਠ ਲੋਕ ਅਪਣੇ ਪਤੇ ’ਤੇ ਰਹਿ ਰਹੇ ਸਨ। ਜੇਕਰ ਦੋ ਫ਼ੀ ਸਦੀ ਤੋਂ ਵੱਧ ਵੋਟਾਂ ਕੱਟੀਆਂ ਜਾਂਦੀਆਂ ਹਨ ਤਾਂ ਇਸ ਦੀ ਜਾਂਚ ਬੀ.ਐਲ.ਓ ਦੁਆਰਾ ਨਹੀਂ ਸਗੋਂ ਈ.ਆਰ.ਓ ਦੁਆਰਾ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਪੁੱਛਿਆ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਵਿਚ ਅਚਾਨਕ 10 ਹਜ਼ਾਰ ਵੋਟਰ ਕਿੱਥੋਂ ਆ ਗਏ? ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਕ ਵੀ ਵੋਟ ਨਹੀਂ ਕੱਟਣ ਦੇਣਗੇ। ਬਹੁਤ ਸਾਰਾ ਪੈਸਾ ਵੰਡਿਆ ਜਾ ਰਿਹਾ ਹੈ।