ਸੋਰੇਨ ਪੁੱਜੇ ਰਾਂਚੀ, ਪੁੱਛ-ਪੜਤਾਲ ਲਈ ਰਾਂਚੀ ਪੁੱਜੇਗੀ ਈ.ਡੀ.
ਨਵੀਂ ਦਿੱਲੀ/ਰਾਂਚੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੋਂ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਬੁਧਵਾਰ ਨੂੰ ਰਾਂਚੀ ’ਚ ਪੁੱਛ-ਪੜਤਾਲ ਕਰੇਗਾ।
ਈ.ਡੀ. ਨੇ ਦਿੱਲੀ ’ਚ ਸੋਰੇਨ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ 36 ਲੱਖ ਰੁਪਏ ਦੀ ਇਕ ਬੀ.ਐਮ.ਡਬਲਯੂ. ਐਸ.ਯੂ.ਵੀ. ਅਤੇ ਕੁੱਝ ‘ਇਤਰਾਜ਼ਯੋਗ’ ਦਸਤਾਵੇਜ਼ ਜ਼ਬਤ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਈ.ਡੀ. ਦੀ ਇਕ ਟੀਮ ਵਲੋਂ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਕਾਰਜਕਾਰੀ ਪ੍ਰਧਾਨ ਦੀ ਦਿੱਲੀ ਰਿਹਾਇਸ਼ ਦਾ ਦੌਰਾ ਕਰਨ ਅਤੇ ਏਜੰਸੀ ਦੇ ਅਧਿਕਾਰੀਆਂ ਵਲੋਂ ਇਹ ਕਹਿਣ ਤੋਂ ਇਕ ਦਿਨ ਬਾਅਦ ਕਿ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਸੋਰੇਨ ਮੰਗਲਵਾਰ ਨੂੰ ਝਾਰਖੰਡ ਦੀ ਰਾਜਧਾਨੀ ਵਿਚ ਅਪਣੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ ਅਤੇ ਅਪਣੇ ਗੱਠਜੋੜ ਵਿਧਾਇਕਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ।
ਇਸ ਦੇ ਨਾਲ ਹੀ 24 ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਭੰਬਲਭੂਸੇ ਦਾ ਅੰਤ ਹੋ ਗਿਆ। ਸੂਬੇ ’ਚ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਈ.ਡੀ. ਦੀ ਕਾਰਵਾਈ ਦੇ ਡਰੋਂ ਫਰਾਰ ਹਨ। ਸੂਤਰਾਂ ਨੇ ਦਸਿਆ ਕਿ ਈ.ਡੀ. ਨੇ ਰਾਜ ਦੇ ਅਧਿਕਾਰੀਆਂ ਅਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਅਪਣੀ ਟੀਮ ਬਾਰੇ ਸੂਚਿਤ ਕਰ ਦਿਤਾ ਹੈ ਜੋ ਰਾਂਚੀ ਦੇ ਏਅਰਪੋਰਟ ਰੋਡ ’ਤੇ ਅਪਣੇ ਖੇਤਰੀ ਦਫਤਰ ਤੋਂ 31 ਜਨਵਰੀ ਨੂੰ ਦੁਪਹਿਰ 1 ਵਜੇ ਤੋਂ ਪਹਿਲਾਂ ਸੋਰੇਨ ਦੇ ਕੈਂਪ ਦਫਤਰ ਜਾਵੇਗੀ।
ਸੂਤਰਾਂ ਨੇ ਦਸਿਆ ਕਿ ਪੁੱਛ-ਪੜਤਾਲ 20 ਜਨਵਰੀ ਨੂੰ ਖਤਮ ਹੋਈ ਥਾਂ ਤੋਂ ਸ਼ੁਰੂ ਹੋਵੇਗੀ। ਸੋਰੇਨ ਤੋਂ ਲਗਭਗ 16-17 ਸਵਾਲ ਪੁੱਛੇ ਗਏ ਸਨ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਉਨ੍ਹਾਂ ਦਾ ਬਿਆਨ ਲਿਖਤੀ ਅਤੇ ਆਡੀਓ-ਵੀਡੀਉ ਫਾਰਮੈਟ ’ਚ ਦਰਜ ਕੀਤਾ ਗਿਆ ਸੀ।
ਈ.ਡੀ. ਸੋਰੇਨ ਤੋਂ ਪੁੱਛ-ਪੜਤਾਲ ਕਰਨ ਲਈ ਸੱਤ ਘੰਟੇ ਉਨ੍ਹਾਂ ਦੀ ਰਿਹਾਇਸ਼ ’ਤੇ ਰਹੀ। ਈ.ਡੀ. ਦੀ ਇਕ ਟੀਮ ਝਾਰਖੰਡ ’ਚ ਕਥਿਤ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ-ਪੜਤਾਲ ਕਰਨ ਲਈ ਸੋਮਵਾਰ ਨੂੰ ਦਖਣੀ ਦਿੱਲੀ ’ਚ ਸੋਰੇਨ ਦੇ 5/1 ਸ਼ਾਂਤੀ ਨਿਕੇਤਨ ਸਥਿਤ ਘਰ ਪਹੁੰਚੀ ਸੀ ਅਤੇ ਉੱਥੇ 13 ਘੰਟੇ ਤੋਂ ਵੱਧ ਸਮੇਂ ਤਕ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਇਮਾਰਤ ਦੀ ਤਲਾਸ਼ੀ ਲਈ।
ਸੂਤਰਾਂ ਨੇ ਦਸਿਆ ਕਿ ਈ.ਡੀ. ਦੀਆਂ ਟੀਮਾਂ ਨੇ ਦਿਨ ਭਰ ਚੱਲੇ ਆਪਰੇਸ਼ਨ ਦੌਰਾਨ ਲਗਭਗ 36 ਲੱਖ ਰੁਪਏ ਨਕਦ, ਹਰਿਆਣਾ ਨੰਬਰ ਪਲੇਟ ਵਾਲੀ ਇਕ ਬੇਨਾਮੀ ਬੀ.ਐਮ.ਡਬਲਯੂ. ਕਾਰ ਅਤੇ ਕੁੱਝ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ। ਮੰਗਲਵਾਰ ਨੂੰ ਰਾਂਚੀ ਪਹੁੰਚੇ ਸੋਰੇਨ (48) ਨੇ ਈ.ਡੀ. ਨੂੰ ਸੂਚਿਤ ਕੀਤਾ ਸੀ ਕਿ ਉਹ ਬੁਧਵਾਰ ਦੁਪਹਿਰ 1 ਵਜੇ ਅਪਣੀ ਰਿਹਾਇਸ਼ ’ਤੇ ਅਪਣਾ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ।
ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਇਕ ਅਹੁਦੇਦਾਰ ਨੇ ਰਾਂਚੀ ’ਚ ਕਿਹਾ ਕਿ ਝਾਰਖੰਡ ’ਚ ਜੇ.ਐਮ.ਐਮ. ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦੇ ਸਾਰੇ ਵਿਧਾਇਕਾਂ ਨੂੰ ਰਾਜ ਦੀ ਰਾਜਧਾਨੀ ਤੋਂ ਬਾਹਰ ਨਾ ਜਾਣ ਅਤੇ ਰਾਜ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਵਿਚਾਰ-ਵਟਾਂਦਰੇ ਲਈ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਈ.ਡੀ. ਨੇ ਇਸ ਮਾਮਲੇ ’ਚ ਹੁਣ ਤਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚ 2011 ਬੈਚ ਦੀ ਆਈ.ਏ.ਐਸ. ਅਧਿਕਾਰੀ ਛਵੀ ਰੰਜਨ ਵੀ ਸ਼ਾਮਲ ਹੈ। ਉਸ ਨੇ ਰਾਜ ਦੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਰਾਂਚੀ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਈ ਸੀ। ਇਸ ਮਾਮਲੇ ’ਚ ਝਾਰਖੰਡ ਲੈਂਡ ਰੈਵੇਨਿਊ ਵਿਭਾਗ ਦੇ ਕਰਮਚਾਰੀ ਭਾਨੂ ਪੀ.ਪੀ. ਏਜੰਸੀ ਨੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਸੀ। ਕੇਂਦਰੀ ਜਾਂਚ ਏਜੰਸੀ ਮੁਤਾਬਕ ਇਹ ਜਾਂਚ ਝਾਰਖੰਡ ’ਚ ਮਾਫੀਆ ਵਲੋਂ ਜ਼ਮੀਨ ਦੀ ਮਲਕੀਅਤ ਦੇ ਗੈਰ-ਕਾਨੂੰਨੀ ਤਬਾਦਲੇ ’ਚ ਸ਼ਾਮਲ ਇਕ ਵੱਡੇ ਸਿੰਡੀਕੇਟ ਨਾਲ ਸਬੰਧਤ ਹੈ।