
ਕਿਹਾ, ਕਾਤਲ ਤਾਂ ਇਕ ਜਾਂ ਦੋ ਵਿਅਕਤੀਆਂ ਦਾ ਕਤਲ ਕਰਦੇ ਹਨ, ਪਰ ਨਸ਼ਾ ਵੇਚਣ ਵਾਲੇ ਬਹੁਤ ਸਾਰੇ ਨੌਜੁਆਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ
Punjab Haryana High Court: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਸੰਦੀਪ ਮੌਦਗਿਲ ਦੀ ਪ੍ਰਧਾਨਗੀ ਵਾਲੀ ਅਦਾਲਤ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਵਰਤੋਂ ਇਕ ਮਹਾਂਮਾਰੀ ਬਣ ਗਈ ਹੈ ਜੋ ਨਾ ਸਿਰਫ ਸਰਕਾਰਾਂ ਦੀਆਂ ਆਰਥਕ ਨੀਤੀਆਂ ਨੂੰ ਪ੍ਰਭਾਵਤ ਕਰਦੀ ਹੈ ਬਲਕਿ ਸਿਸਟਮ ਨੂੰ ਵੀ ਭ੍ਰਿਸ਼ਟ ਕਰਦੀ ਹੈ ਅਤੇ ਨਤੀਜੇ ਵਜੋਂ ‘ਬਿਮਾਰ ਸਮਾਜ’ ਪੈਦਾ ਹੁੰਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਲਈ ਖਤਰਾ ਹਨ ਕਿਉਂਕਿ ਉਹ ਮੌਤ ਦਾ ਕਾਰਨ ਬਣਦੇ ਹਨ ਜਾਂ ਕਈ ਨਿਰਦੋਸ਼ ਨੌਜੁਆਨ ਪੀੜਤਾਂ ਨੂੰ ਮੌਤ ਦਾ ਝਟਕਾ ਦਿੰਦੇ ਹਨ।
ਅਦਾਲਤ ਹਰਿਆਣਾ ਦੀ ਮਾਇਆ ਨਾਂ ਦੀ ਇਕ ਔਰਤ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਮਾਇਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਹੈ, ਜਿਸ ’ਤੇ ਉੜੀਸਾ ਤੋਂ ਪੰਜਾਬ ਅਤੇ ਹਰਿਆਣਾ ਵਿਚ 150 ਕਿਲੋ ਗਾਂਜਾ ਲਿਜਾਣ ਵਿਚ ਸ਼ਾਮਲ ਗਿਰੋਹ ਦਾ ਹਿੱਸਾ ਹੋਣ ਦਾ ਦੋਸ਼ ਹੈ। ਮਾਇਆ ਨੇ ਦਾਅਵਾ ਕੀਤਾ ਕਿ ਉਸ ਦੇ ਬੇਟੇ ਸਮੇਤ ਹੋਰ ਸਹਿ-ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ’ਤੇ ਉਸ ਨੂੰ ਝੂਠਾ ਫਸਾਇਆ ਗਿਆ ਸੀ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਕਿ ਜਗਨਾਥਪੁਰੀ ਦੀ ਤੀਰਥ ਯਾਤਰਾ ਦੇ ਬਹਾਨੇ ਉੜੀਸਾ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ ਅਤੇ ਮਾਇਆ ਨੂੰ ਅਪਰਾਧ ਨਾਲ ਜੋੜਨ ਲਈ ‘ਕਾਫ਼ੀ ਸਬੂਤ’ ਹਨ, ਜਿਸ ਲਈ ਹਿਰਾਸਤ ’ਚ ਪੁੱਛ-ਪੜਤਾਲ ਦੀ ਲੋੜ ਹੈ।
ਅਦਾਲਤ ਨੇ ਟਿਪਣੀ ਕੀਤੀ ਕਿ ਪੰਜਾਬ ਅਤੇ ਹਰਿਆਣਾ ’ਚ ਨਸ਼ਿਆਂ ਦੀ ਸਮੱਸਿਆ ਬਹੁਤ ਫੈਲ ਚੁਕੀ ਹੈ ਅਤੇ ਵੱਡੀ ਗਿਣਤੀ ’ਚ ਨੌਜੁਆਨ ਅਜਿਹੇ ਮਾਫੀਆ ਦਾ ਸ਼ਿਕਾਰ ਹੋ ਰਹੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਮਾਇਆ ਦੀ ਭੂਮਿਕਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਦੀ ਨਹੀਂ ਜਾਪਦੀ।
ਅਦਾਲਤ ਨੇ ਅੱਗੇ ਟਿਪਣੀ ਕੀਤੀ ਕਿ ਕਾਤਲ ਤਾਂ ਇਕ ਜਾਂ ਦੋ ਵਿਅਕਤੀਆਂ ਦਾ ਕਤਲ ਕਰਦੇ ਹਨ, ਪਰ ਨਸ਼ਾ ਵੇਚਣ ਵਾਲੇ ਬਹੁਤ ਸਾਰੇ ਨੌਜੁਆਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ। ਅਦਾਲਤ ਨੇ ਅੱਗੇ ਕਿਹਾ ਕਿ ਮਾਇਆ ਦੀ ਬੇਗੁਨਾਹੀ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਅਤੇ ਉਸ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਕੋਈ ਕਾਰਨ ਨਹੀਂ ਬਣਦਾ।
(For more Punjabi news apart from Drugs menace has acquired dimension of an epidemic: HC, stay tuned to Rozana Spokesman)