
ਉੱਤਰ ਪ੍ਰਦੇਸ਼ ਦੇ ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਦੇ ਮੁੱਦੇ 'ਤੇ ਅੱਜ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਵਿਚਾਲੇ ਤਲਖ਼ ਕਲਾਮੀ ਹੋ ਗਈ।
ਨਵੀਂ ਦਿੱਲੀ, 4 ਅਗੱਸਤ : ਉੱਤਰ ਪ੍ਰਦੇਸ਼ ਦੇ ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਦੇ ਮੁੱਦੇ 'ਤੇ ਅੱਜ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਵਿਚਾਲੇ ਤਲਖ਼ ਕਲਾਮੀ ਹੋ ਗਈ। ਸਪਾ ਨੇ ਦੋਸ਼ ਲਾਇਆ ਕਿ ਭਾਜਪਾ ਦੇਸ਼ ਦਾ ਨਕਸ਼ਾ ਬਦਲਣ ਦਾ ਕੋਸ਼ਿਸ਼ ਕਰ ਰਹੀ ਹੈ ਅਤੇ ਨੌਬਤ ਇਥੋਂ ਤਕ ਆ ਗਈ ਕਿ ਇਕ ਮੈਂਬਰ ਨੇ ਕਹਿ ਦਿਤਾ, ''ਸਿਰਫ਼ ਰੇਲਵੇ ਸਟੇਸ਼ਨ ਹੀ ਕਿਉਂ, ਮੁਲਕ ਦਾ ਨਾਮ ਵੀ ਬਦਲ ਦਿਉ।'' 1862 ਵਿਚ ਅੰਗਰੇਜ਼ਾਂ ਵਲੋਂ ਬਣਾਏ ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਭਾਜਪਾ ਇਸ ਨੂੰ ਦੀਨ ਦਿਆਲ ਉਪਾਧਿਆਏ ਦਾ ਨਾਂ ਦੇਣਾ ਚਾਹੁੰਦੀ ਹੈ। ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦੀ ਤਜਵੀਜ਼ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ, ''ਇਹ ਬਹੁਤ ਪੁਰਾਣਾ ਸਟੇਸ਼ਨ ਹੈ। ਇੰਜ ਲਗਦਾ ਹੈ ਕਿ ਉਹ (ਭਾਜਪਾ) ਨਵੀਂ ਦਿੱਲੀ ਦਾ ਨਾਂ ਵੀ ਬਦਲ ਦੇਣਗੇ।
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸਦਨ ਦੇ ਵਿਚਕਾਰ ਆ ਕੇ ਨਾਹਰੇਬਾਜ਼ੀ ਕਰਨ ਲੱਗੇ ਅਤੇ ਬਸਪਾ ਦੇ ਮੈਂਬਰਾਂ ਨੇ ਇਨ੍ਹਾਂ ਦਾ ਸਾਥ ਦਿਤਾ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ''ਸਮਾਜਵਾਦੀ ਪਾਰਟੀ ਨੂੰ ਮੁਗ਼ਲਾਂ ਦੇ ਨਾਂ 'ਤੇ ਰੇਲਵੇ ਸਟੇਸ਼ਨ ਦਾ ਨਾਂ ਮਨਜ਼ੂਰ ਹੈ ਪਰ ਦੀਨ ਦਿਆਲ ਉਪਧਿਆਏ ਦੇ ਨਾਂ 'ਤੇ ਨਹੀਂ।'' ਉਨ੍ਹਾਂ ਦੋਸ਼ ਲਾਇਆ ਕਿ ਇਹ ਦੀਨ ਦਿਆਨ ਉਪਾਧਿਆਏ ਦੀ ਬੇਇਜ਼ਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਪ੍ਰਸਿੱਧ ਵਿਕਟੋਰੀਆ ਟਰਮੀਨਸ ਦਾ ਨਾਂ ਬਦਲ ਕੇ ਛਤਰਪਤੀ ਸ਼ਿਵਾਜੀ ਦੇ ਨਾਂ 'ਤੇ ਰਖਿਆ ਗਿਆ ਸੀ। (ਏਜੰਸੀ)