
ਭਾਜਪਾ ਦੀ ਹਮਾਇਤ ਕਰਨ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਇਕ ਗੁੰਝਲਦਾਰ ਬੁਝਾਰਤ ਪਾਉਣ ਦਾ ਦੋਸ਼ ਲਾਉਂਦਿਆਂ ਸੀ.ਪੀ.ਐਮ. ਨੇ ਕਿਹਾ ਹੈ ਕਿ....
ਨਵੀਂ ਦਿੱਲੀ, 3 ਅਗੱਸਤ : ਭਾਜਪਾ ਦੀ ਹਮਾਇਤ ਕਰਨ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਇਕ ਗੁੰਝਲਦਾਰ ਬੁਝਾਰਤ ਪਾਉਣ ਦਾ ਦੋਸ਼ ਲਾਉਂਦਿਆਂ ਸੀ.ਪੀ.ਐਮ. ਨੇ ਕਿਹਾ ਹੈ ਕਿ ਧਰਮਨਿਰਪੱਖ ਪਾਰਟੀਆਂ ਦਾ ਕੋਈ ਵੀ ਗ਼ੈਰਜਥੇਬੰਦ ਗਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦਾ।
ਸੀ.ਪੀ.ਐਮ. ਦੇ ਰਸਾਲੇ 'ਪੀਪਲਜ਼ ਡੈਮੋਕ੍ਰੈਸੀ' ਵਿਚ ਛਪੇ ਸੰਪਾਦਕੀ ਮੁਤਾਬਕ, ''ਨਿਤੀਸ਼ ਕੁਮਾਰ ਦੀ ਸਿਆਸੀ ਕਲਾਬਾਜ਼ੀ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਨਿਵੇਕਲਾ ਦਰਜਾ ਮਿਲੇਗਾ ਜਿਥੇ ਪੂੰਜੀਪਤੀ ਸਿਆਸਤਦਾਨਾਂ ਨੇ ਮੌਕਾਪ੍ਰਸਤ ਰੁਖ਼ ਅਪਣਾਇਆ।'' ਸੰਪਾਦਕੀ ਵਿਚ ਕਿਹਾ ਗਿਆ, ''ਮੋਦੀ ਸਰਕਾਰ ਅਤੇ ਬੇਜੀਪੀ ਦਾ ਟਾਕਰਾ ਕਰਨ ਲਈ ਵੱਡੇ ਪੱਧਰ 'ਤੇ ਏਕਤਾ ਨੂੰ ਧਰਮਨਿਰਪੱਖ ਪਾਰਟੀਆਂ ਦੇ ਗ਼ੈਰਜਥੇਬੰਦ ਗਠਜੋੜ ਰਾਹੀਂ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਦਾ।''
ਸੀ.ਪੀ.ਐਮ. ਨੇ ਕਿਹਾ, ''2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਪਿੱਛੋਂ ਨਿਤੀਸ਼ ਕੁਮਾਰ ਨੇ ਸੱਭ ਤੋਂ ਬੁਲੰਦ ਆਵਾਜ਼ ਵਿਚ ਕੌਮੀ ਪੱਧਰ 'ਤੇ ਭਾਜਪਾ ਵਿਰੁਧ ਗਠਜੋੜ ਬਣਾਏ ਜਾਣ ਦੀ ਵਕਾਲਤ ਕੀਤੀ ਸੀ।'' 2013 ਵਿਚ ਭਾਜਪਾ ਨਾਲੋਂ ਨਾਤਾ ਤੋੜ ਕੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਗਠਜੋੜ ਕਰਨ ਵਾਲੇ ਨਿਤੀਸ਼ ਕੁਮਾਰ ਦਾ ਜ਼ਿਕਰ ਕਰਦਿਆਂ ਸੀ.ਪੀ.ਐਮ. ਨੇ ਕਿਹਾ, ''ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਲਾਲੂ ਦੇ ਬੇਟੇ ਤੇਜਸਵੀ ਵਿਰੁਧ ਸੀਬੀਆਈ ਵਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤੇ ਜਾਣ ਪਿੱਛੋਂ ਨਿਤੀਸ਼ ਕੁਮਾਰ ਇਕ ਗੁੰਝਲਦਾਰ ਬੁਝਾਰਤ ਪਾਉਣ ਵਿਚ ਸਫ਼ਲ ਹੋ ਗਏ।''
ਸੰਪਾਦਕੀ ਮੁਤਾਬਕ, ''ਕੋਈ ਵੀ ਮਹਾਂਗਠਜੋੜ ਕਦੇ ਵੀ ਕਾਰਗਰ ਸਾਬਤ ਨਹੀਂ ਹੋ ਸਕਦਾ ਕਿਉਂਕਿ ਕਈ ਖੇਤਰੀ ਪਾਰਟੀਆਂ ਦਾ ਕਿਰਦਾਰ ਬਿਲਕੁਲ ਭਰੋਸੇਯੋਗ ਨਹੀਂ ਹੁੰਦਾ। ਅਜਿਹੀਆਂ ਪਾਰਟੀਆਂ ਮੌਕਾਪ੍ਰਸਤੀ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੀਆਂ।'' (ਏਜੰਸੀ)