
ਤਾਮਿਲਨਾਡੂ ਦਾ ਇਕ ਵਿਅਕਤੀ ਪਦਮਰਾਜਨ ਅਪਣੇ ਵੱਖਰੇ ਟੀਚੇ ਨੂੰ ਲੈ ਕੇ ਚਰਚਾ ਵਿਚ ਹਨ।
ਚੇਨਈ: ਦੁਨੀਆ ਵਿਚ ਕਈ ਤਰ੍ਹਾਂ ਦੇ ਲੋਕ ਮੌਜੂਦ ਹਨ, ਕੋਈ ਕੁੱਝ ਬਣਨਾ ਚਾਹੁੰਦਾ ਹੈ ਅਤੇ ਕੋਈ ਕੁੱਝ ਹਾਸਲ ਕਰਨਾ ਚਾਹੁੰਦਾ ਹੈ, ਪਰ ਤਾਮਿਲਨਾਡੂ ਦਾ ਇਕ ਵਿਅਕਤੀ ਪਦਮਰਾਜਨ ਅਪਣੇ ਵੱਖਰੇ ਟੀਚੇ ਨੂੰ ਲੈ ਕੇ ਚਰਚਾ ਵਿਚ ਹਨ। ਦਰਅਸਲ ਇਲੈਕਸ਼ਨ ਕਿੰਗ ਦੇ ਨਾਂਅ ਨਾਲ ਮਸ਼ਹੂਰ ਪਦਮਰਾਜਨ ਸਭ ਤੋਂ ਜ਼ਿਆਦਾ ਚੋਣਾਂ ਹਾਰਨ ਵਾਲੇ ਉਮੀਦਵਾਰ ਦੇ ਤੌਰ 'ਤੇ ਅਪਣਾ ਨਾਮ ਗਿੰਨੀਜ਼ ਰਿਕਾਰਡ ਵਿਚ ਦਰਜ ਕਰਵਾਉਣਾ ਚਾਹੁੰਦਾ ਹੈ।
ਤਾਮਿਲਨਾਡੂ ਦੇ ਸੇਲਮ ਵਿਚ ਰਹਿਣ ਵਾਲੇ ਪਦਮਰਾਜਨ ਪੇਸ਼ੇ ਤੋਂ ਇਕ ਹੋਮੀਓਪੈਥਿਕ ਡਾਕਟਰ ਹਨ ਅਤੇ ਹੁਣ ਤਕ ਉਹ 199 ਵਾਰ ਚੋਣ ਹਾਰ ਚੁੱਕੇ ਹਨ। ਹਰੇਕ ਚੋਣ ਵਿਚ ਸਭ ਤੋਂ ਪਹਿਲਾਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਪਦਮਰਾਜਨ ਨੇ ਇਸ ਵਾਰ ਧਰਮਪੁਰੀ ਸੀਟ ਤੋਂ 200ਵੀਂ ਵਾਰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।
ਪਦਮਰਾਜਨ ਦਾ ਕਹਿਣਾ ਹੈ ਕਿ ਕੁੱਝ ਲੋਕ ਅਜਿਹਾ ਸੋਚਦੇ ਨੇ ਕਿ ਸ਼ਾਇਦ ਅਮੀਰ ਜਾਂ ਤਾਕਤਵਾਰ ਲੋਕ ਹੀ ਚੋਣ ਲੜ ਸਕਦੇ ਹਨ, ਪਰ ਉਹ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਚੋਣ ਵਿਚ ਲੜ ਸਕਦਾ ਹੈ ਅਤੇ ਉਨ੍ਹਾਂ ਨੇ ਵੱਖ-ਵੱਖ 199 ਚੋਣਾਂ ਲੜ ਕੇ ਇਹ ਸਾਬਤ ਕਰ ਦਿਤਾ ਹੈ।
K. Padmarajan
ਪਦਮਰਾਜਨ ਨੇ ਪਹਿਲੀ ਵਾਰ 1988 ਵਿਚ ਚੋਣ ਲੜੀ ਸੀ ਅਤੇ ਹਾਰ ਗਏ ਸਨ। ਇਸ ਦੌਰਾਨ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ ਅਤੇ ਕਰਨਾਟਕ ਤੋਂ ਲੈ ਕੇ ਦਿੱਲੀ ਤਕ ਚੋਣ ਮੈਦਾਨ ਵਿਚ ਉਤਰ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਪਦਮਰਾਜਨ 4 ਪ੍ਰਧਾਨ ਮੰਤਰੀਆਂ, 11 ਮੁੱਖ ਮੰਤਰੀਆਂ, 13 ਕੇਂਦਰੀ ਮੰਤਰੀਆਂ ਅਤੇ 15 ਰਾਜ ਮੰਤਰੀਆਂ ਦੇ ਵਿਰੁਧ ਚੋਣ ਲੜ ਚੁੱਕੇ ਹਨ। ਇਨ੍ਹਾਂ ਸਾਰੀਆਂ ਚੋਣਾਂ ਵਿਚ ਉਨ੍ਹਾਂ ਦੀ ਕਰਾਰੀ ਹਾਰ ਹੁੰਦੀ ਰਹੀ।
ਪਦਮਰਾਜਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ, ਏਪੀਜੇ ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ, ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ, ਕੇਰਲ ਦੇ ਸਾਬਕਾ ਮੁੱਖ ਮੰਤਰੀ ਕਰੁਣਾਕਰਨ ਅਤੇ ਸਾਬਕਾ ਕੇਂਦਰੀ ਮੰਤਰੀ ਏਕੇ ਐਂਟਨੀ ਦੇ ਵਿਰੁਧ ਅਸਫ਼ਲ ਚੋਣ ਲੜ ਚੁੱਕੇ ਹਨ।
ਪਦਮਰਾਜਨ ਨਾਮਜ਼ਦਗੀ ਤੋਂ ਬਾਅਦ ਪ੍ਰਚਾਰ ਲਈ ਕੋਈ ਖ਼ਰਚ ਨਹੀਂ ਕਰਦੇ ਪਰ ਨਾਮਜ਼ਦਗੀ ਦਾਖ਼ਲ ਕਰਨ ਵਿਚ ਹੀ ਉਹ ਲੱਖਾਂ ਦਾ ਨੁਕਸਾਨ ਉਠਾ ਚੁੱਕੇ ਹਨ। ਉਨ੍ਹਾਂ ਦਾ ਨਾਮ ਪਹਿਲਾਂ ਹੀ ਲਿਮਕਾ ਬੁੱਕ ਆਫ਼ ਰਿਕਾਰਡਸ ਵਿਚ ਦਰਜ ਹੈ ਅਤੇ ਹੁਣ ਉਨ੍ਹਾਂ ਦੀ ਨਜ਼ਰ ਗਿੰਨੀਜ਼ ਰਿਕਾਰਡ 'ਤੇ ਹੈ। ਪਦਮਰਾਜਨ ਨੂੰ ਉਮੀਦ ਹੈ ਕਿ ਜਲਦ ਹੀ ਉਸ ਦਾ ਨਾਮ ਗਿੰਨੀਜ਼ ਰਿਕਾਰਡ ਵਿਚ ਦਰਜ ਹੋ ਜਾਵੇਗਾ।