
ਵਣਜ ਅਤੇ ਉਦਯੋਗ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰਖਣ ਤੋਂ
ਨਵੀਂ ਦਿੱਲੀ, 29 ਮਈ : ਵਣਜ ਅਤੇ ਉਦਯੋਗ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰਖਣ ਤੋਂ ਬਾਅਦ ਜਲਦੀ ਹੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਜਾਏਗਾ। ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਵੀਰਵਾਰ ਨੂੰ ਇਕ ਵੀਡੀਉ ਕਾਨਫਰੰਸਿੰਗ ਜ਼ਰੀਏ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰ ਕੇ ਪ੍ਰਚੂਨ ਵਪਾਰੀਆਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਸੀ।
ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਤੋਂ ਬਾਅਦ ਵੀ ਪ੍ਰਚੂਨ ਵਪਾਰੀਆਂ ਦੇ ਸਾਹਮਣੇ ਆ ਰਹੀ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਜ਼ਰੂਰੀ ਅਤੇ ਗ਼ੈਰ-ਜ਼ਰੂਰੀ ਦੇ ਕਿਸੇ ਭੇਦ ਦੇ ਬਿਨਾਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ।
ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰਖਣ ਤੋਂ ਬਾਅਦ ਜਲਦ ਹੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿਤੀ ਜਾਵੇਗੀ। ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਐਲਾਨੇ ਗਏ ਰਾਹਤ ਪੈਕੇਜ ਵਿਚ ਛੋਟੇ, ਲਘੂ ਅਤੇ ਦਰਮਿਆਨੇ ਉਦਮਾਂ ਲਈ 3 ਲੱਖ ਰੁਪਏ ਦੀ ਕ੍ਰੈਡਿਟ ਗਾਰੰਟੀ ਦਿਤੀ ਗਈ ਹੈ ਅਤੇ ਇਸ ਵਿਚ ਵਪਾਰੀ ਵੀ ਕਵਰ ਹੁੰਦੇ ਹਨ।
File photo
ਗੋਇਲ ਨੇ ਵਪਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਈ-ਕਾਮਰਸ ਤੋਂ ਅਪਣੇ ਲਈ ਖ਼ਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਆਮ ਆਦਮੀ ਨੂੰ ਹੁਣ ਇਹ ਪਤਾ ਲੱਗ ਗਿਆ ਹੈ ਕਿ ਗੁਆਂਢ ਦੇ ਕਰਿਆਨਾ ਸਟੋਰਸ ਹੀ ਸੰਕਟ ਦੀ ਘੜੀ ਵਿਚ ਕੰਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਚੂਨ ਵਪਾਰੀਆਂ ਲਈ ਬਿਜਨੈੱਸ-ਟੂ-ਬਿਜਨੈੱਸ ਸਹੂਲਤ ਦੇ ਤੰਤਰ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਪਹੁੰਚ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੂੰ ਤਕਨੀਕੀ ਮਦਦ ਉਪਲੱਬਧ ਕਰਾ ਰਹੀ ਹੈ।
ਗੋਇਲ ਨੇ ਕਿਹਾ ਕਿ ਵਪਾਰੀ ਭਾਈਚਾਰੇ ਦੀ ਟਰਮ ਲੋਨ ਅਤੇ ਮੁਦਰਾ ਲੋਨ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੱਢਣ ਲਈ ਇਨ੍ਹਾਂ ਨੂੰ ਵਿੱਤ ਮੰਤਰਾਲਾ ਦੇ ਸਾਹਮਣੇ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਈ ਸੰਕੇਤ ਇਹ ਦੱਸਦੇ ਹਨ ਹੌਲੀ-ਹੌਲੀ ਆਰਥਿਕ ਹਾਲਤ ਸੁਧਰ ਰਹੀ ਹੈ।
ਇਸ ਮਹੀਨੇ ਬਿਜਲੀ ਦੀ ਖਪਤ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਲਗਭਗ ਬਰਾਬਰ ਹੈ। ਨਿਰਯਾਤ, ਜੋ ਕਿ ਅਪ੍ਰੈਲ ਵਿਚ 60 ਫ਼ੀ ਸਦ ਡਿੱਗ ਗਿਆ ਸੀ, ਉਹ ਹੁਣ ਵੱਧ ਰਿਹਾ ਹੈ ਅਤੇ ਮੁੱਢਲੇ ਅੰਕੜੇ ਦੱਸਦੇ ਹਨ ਕਿ ਇਸ ਮਹੀਨੇ ਨਿਰਯਾਤ ਵਿਚ ਗਿਰਾਵਟ ਘੱਟ ਹੋਵੇਗੀ। (ਪੀਟੀਆਈ)