
ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੀ ਕੈਦ 'ਚ ਹਨ 400 ਭਾਰਤੀ!
ਨਵੀਂ ਦਿੱਲੀ : ਪਾਕਿਸਤਾਨ ਦੀ ਜੇਲ ਵਿਚ ਬੰਦ ਇਕ ਹੋਰ ਭਾਰਤੀ ਮਛੇਰੇ ਬਾਲੂ ਜੇਠਾ ਦੀ ਮੌਤ ਹੋ ਗਈ। ਮਾਮਲਾ 28 ਮਈ ਦਾ ਦਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੇਠਾ ਅਪਣੀ ਸਜ਼ਾ ਪੂਰੀ ਕਰ ਚੁੱਕਾ ਸੀ ਅਤੇ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪਿਛਲੇ 2 ਮਹੀਨਿਆਂ 'ਚ ਅਜਿਹਾ ਚੌਥਾ ਮਾਮਲਾ ਹੈ।
ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਸਜ਼ਾ ਕੱਟਣ ਤੋਂ ਬਾਅਦ ਵੀ 400 ਤੋਂ ਵੱਧ ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰਖਿਆ ਹੋਇਆ ਹੈ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਵਿਪਨ ਕੁਮਾਰ, 6 ਮਈ ਨੂੰ ਜ਼ੁਲਫਿਕਾਰ ਅਤੇ 8 ਮਈ ਨੂੰ ਸੋਮਾ ਦੇਵ ਨਾਮ ਦੇ ਮਛੇਰਿਆਂ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਤਿੰਨ ਹੋਰ ਭਾਰਤੀ ਮਛੇਰਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਦਿੱਲੀ ਸਰਵਿਸਿਜ਼ ਆਰਡੀਨੈਂਸ : ਸੀ.ਪੀ.ਆਈ. (ਐਮ) ਨੇ 'ਆਪ' ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਕੌਂਸਲਰ ਐਕਸੈਸ 2008 ਦੇ ਸਮਝੌਤੇ ਦੇ ਆਰਟੀਕਲ 5 ਤਹਿਤ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਰਾਸ਼ਟਰੀ ਸਥਿਤੀ ਦੀ ਪੁਸ਼ਟੀ ਕਰਨੀ ਪੈਂਦੀ ਹੈ ਅਤੇ ਕੈਦੀਆਂ ਨੂੰ ਰਿਹਾਅ ਕਰਨਾ ਹੁੰਦਾ ਹੈ ਅਤੇ ਸਜ਼ਾ ਪੂਰੀ ਹੋਣ ਦੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਭੇਜਣਾ ਹੁੰਦਾ ਹੈ। ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ 500 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ ਗੁਜਰਾਤ ਦੇ 184, ਆਂਧਰਾ ਪ੍ਰਦੇਸ਼ ਦੇ 3, ਦੀਵਾਨ ਦੇ 4, ਮਹਾਰਾਸ਼ਟਰ ਦੇ 5 ਅਤੇ ਉੱਤਰ ਪ੍ਰਦੇਸ਼ ਦੇ 2 ਮਛੇਰੇ ਸ਼ਾਮਲ ਹਨ।
ਸਾਰੇ ਲੋਕਾਂ ਨੂੰ 2 ਗਰੁੱਪਾਂ ਵਿਚ ਭਾਰਤ ਭੇਜਿਆ ਗਿਆ ਸੀ। ਰਿਹਾਅ ਕੀਤੇ ਗਏ 184 ਗੁਜਰਾਤੀ ਮਛੇਰਿਆਂ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਕਰੀਬ ਸਾਢੇ 3 ਤੋਂ 4 ਸਾਲ ਪਹਿਲਾਂ ਉਨ੍ਹਾਂ 'ਚੋਂ 184 ਰਸਤਾ ਭਟਕ ਕੇ ਪਾਕਿਸਤਾਨ ਸਰਹੱਦ 'ਤੇ ਪਹੁੰਚ ਗਏ ਸਨ। ਉਨ੍ਹਾਂ ਨੂੰ ਪਾਕਿਸਤਾਨ ਦੀ ਜੇਲ ਵਿਚ ਕਈ ਤਸੀਹੇ ਝੱਲਣੇ ਪਏ। ਭੋਜਨ ਸਮੇਂ ਸਿਰ ਨਹੀਂ ਮਿਲਦਾ ਸੀ। ਖਾਣਾ ਮੰਗਣ 'ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।