
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਹਿੰਦੁਸਤਾਨ ਨੂੰ ਬਣਾਉਣ 'ਚ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੋਰ-ਲੁਟੇਰਾ ਕਹਿਣਾ....
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਹਿੰਦੁਸਤਾਨ ਨੂੰ ਬਣਾਉਣ 'ਚ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੋਰ-ਲੁਟੇਰਾ ਕਹਿਣਾ ਜਾਂ ਬੇਇੱਜ਼ਤ ਕਰਨਾ ਬਿਲਕੁਲ ਗ਼ਲਤ ਹੈ। ਵਿਰੋਧੀ ਪਾਰਟੀਆਂ ਵਲੋਂ ਅਕਸਰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੋਦੀ ਨੇ ਕਿਹਾ,
''ਜੇਕਰ ਹਿੰਦੁਸਤਾਨ ਨੂੰ ਬਣਾਉਣ 'ਚ ਇਕ ਕਿਸਾਨ, ਕਾਰੀਗਰ, ਬੈਂਕ, ਫ਼ਾਈਨਾਂਸਰ, ਸਰਕਾਰੀ ਮੁਲਾਜ਼ਮ, ਮਜ਼ਦੂਰ ਦੀ ਮਿਹਨਤ ਕੰਮ ਕਰਦੀ ਹੈ ਤਾਂ ਇਸ ਵਿਚ ਦੇਸ਼ ਦੇ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਬੇਇੱਜ਼ਤ ਕਰਾਂਗੇ, ਚੋਰ, ਲੁਟੇਰਾ ਕਹਾਂਗੇ... ਇਹ ਕਿਹੜਾ ਤਰੀਕਾ ਹੋਇਆ।''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਖਨਊ ਵਿਚ 60 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ, ''ਪਹਿਲਾਂ ਪਰਦੇ ਪਿੱਛੇ ਬਹੁਤ ਕੁੱਝ ਹੁੰਦਾ ਸੀ। ਦੇਸ਼ 'ਚ ਕੋਈ ਵੀ ਅਜਿਹਾ ਉਦਯੋਗਪਤੀ ਨਹੀਂ ਹੋਵੇਗਾ ਜੋ ਸਰਕਾਰ ਸਾਹਮਣੇ ਜਾ ਕੇ ਝੁਕਦਾ ਨਾ ਹੋਵੇ।''
Narendra Modi
ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ, ''ਅਸੀਂ ਉਹ ਨਹੀਂ ਹਾਂ, ਜੋ ਉਦਯੋਗਪਤੀਆਂ ਨਾਲ ਖੜੇ ਰਹਿਣ ਤੋਂ ਡਰਦੇ ਹੋਣ।'' ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹੇ ਵੀ ਸਿਆਸਤਦਾਨ ਹਨ ਜੋ ਉਦਯੋਗਪਤੀਆਂ ਨਾਲ ਫ਼ੋਟੋ ਖਿਚਵਾਉਣ ਤੋਂ ਵੀ ਡਰਦੇ ਹਨ ਪਰ ਬੰਦ ਕਮਰਿਆਂ ਵਿਚ ਉਨ੍ਹਾਂ ਸਾਹਮਣੇ ਦੰਡਵਤ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਜੋ ਕਾਰੋਬਾਰੀਆਂ ਦੇ ਨਾਲ ਖੜੇ ਹੋਣ ਤੋਂ ਡਰਦਾ ਹੋਵਾਂ। ਮੈਂ 5 ਮਹੀਨੇ ਵਿਚ ਦੂਜੀ ਵਾਰ ਉਦਯੋਗ ਜਗਤ ਨਾਲ ਜੁੜੇ ਸਾਥੀਆਂ ਨਾਲ ਹਾਂ।''
ਉਨ੍ਹਾਂ ਕਿਹਾ ਕਿ ਨੀਤ ਸਾਫ਼ ਹੋਵੇ, ਇਰਾਦੇ ਨੇਕ ਹੋਣ ਤਾਂ ਕਿਸੇ ਨਾਲ ਖੜੇ ਹੋਣ ਨਾਲ ਦਾਗ਼ ਨਹੀਂ ਲਗਦੇ। ਉਨ੍ਹਾਂ ਕਿਹਾ ਕਿ ਜੋ ਗ਼ਲਤ ਕਰੇਗਾ ਉਸ ਨੂੰ ਜੇਲ 'ਚ ਜ਼ਿੰਦਗੀ ਬਿਤਾਉਣੀ ਪਵੇਗੀ।ਇਸ ਤੋਂ ਪਹਿਲਾਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਵਪਾਰ ਕਰਨ 'ਚ ਸੌਖ ਦੇ ਮਾਮਲੇ ਵਿਚ ਯੂ.ਪੀ. ਸੱਭ ਤੋਂ ਵਧੀਆ 5 ਸੂਬਿਆਂ ਵਿਚ ਥਾਂ ਬਣਾਉਣ ਵਿਚ ਸਫ਼ਲ ਰਿਹਾ ਹੈ।
ਇਸ ਦਾ ਕਾਰਨ ਇਹ ਹੈ ਕਿ ਯੂ.ਪੀ. ਵਿਚ ਨਿਵੇਸ਼ ਨੂੰ ਲੈ ਕੇ ਨਾਬਰਾਬਰੀ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਨੇ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗਿਕ ਖੇਤਰ ਵਿਚ ਵਿਸ਼ੇਸ਼ ਸੁਰੱਖਿਆ ੱਤਾਇਨਾਤ ਕੀਤੀ ਜਾਵੇਗੀ। ਪੂਰਵਾਂਚਲ ਤੋਂ ਬਾਅਦ ਬੁੰਦੇਲਖੰਡ ਵਿਚ ਵੀ ਉਹ ਐਕਸਪ੍ਰੈਸ-ਵੇ ਦੀ ਸ਼ੁਰੂਆਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਖਨਊ ਦੌਰੇ ਦੇ ਦੌਰਾਨ ਯੋਗੀ ਸਰਕਾਰ ਦੀ 'ਗ੍ਰਾਉਂਡ ਬ੍ਰੇਕਿੰਗ ਸੇਰੇਮਨੀ' ਵਿਚ ਹਿੱਸਾ ਲੈ ਰਹੇ ਹਨ।
'ਟਰਾਂਸਫ਼ਾਰਮਿੰਗ ਅਰਬਨ ਲੈਂਡਸਕੇਪ' ਨਾਂ ਦੇ ਪ੍ਰੋਗਰਾਮ ਵਿਚ ਹਿੱਸਾ ਵੀ ਲੈਣਗੇ। ਮੋਦੀ ਦਾ ਇਸ ਮਹੀਨੇ ਯੂ.ਪੀ. ਦਾ ਇਹ 5ਵਾਂ ਦੌਰਾ ਹੈ। ਮੋਦੀ ਦਾ ਇਹ ਦੌਰਾ ਸੂਬੇ ਦੇ ਨਗਰ ਵਿਕਾਸ ਨਾਲ ਜੁੜੀਆਂ ਸਰਕਾਰ ਦੀਆਂ 3 ਅਹਿਮ ਯੋਜਨਾਵਾਂ 'ਪ੍ਰਧਾਨ ਮੰਤਰੀ ਘਰ ਯੋਜਨਾ (ਸ਼ਹਿਰੀ), 'ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਆਫ਼ ਅਰਬਨ ਟਰਾਂਸਫ਼ਾਰਮੇਸ਼ਨ (ਅਮ੍ਰਿਤ) ਅਤੇ ਸਮਾਰਟ ਸਿਟੀਜ਼ ਮਿਸ਼ਨ ਦੀ ਤੀਜੀ ਵਰ੍ਹੇਗੰਢ 'ਤੇ ਹੋ ਰਿਹਾ ਹੈ। ਮੋਦੀ ਨੇ ਕਲ੍ਹ ਰਾਜਧਾਨੀ ਸਥਿਤ ਇੰਦਰਾ ਗਾਂਧੀ ਸਥਾਪਨਾ ਵਿਚ ਨਗਰ ਵਿਕਾਸ ਵਿਭਾਗ ਦੀ ਫ਼ਲੈਗਿੰਗ ਯੋਜਨਾਵਾਂ 'ਤੇ ਅਧਾਰਿਤ ਇਕ ਨੁਮਾਇਸ਼ ਦੀ ਜਾਂਚ-ਪੜਤਾਲ ਕੀਤੀ ਸੀ। (ਏਜੰਸੀਆਂ)