
ਕਿਹਾ, ਜੇਕਰ ਅਗਸਤ ਦੇ ਪਹਿਲੇ ਹਫ਼ਤੇ ਤਕ ਬਿਜਾਈ ਨਹੀਂ ਹੁੰਦੀ ਤਾਂ ਕਟਾਈ ਅਤੇ ਕਣਕ ਦੀ ਫਸਲ ਦੀ ਬਿਜਾਈ ’ਤੇ ਵੀ ਪਵੇਗਾ ਅਸਰ
ਚੰਡੀਗੜ੍ਹ: ਪਿਛਲੇ ਦਿਨੀਂ ਹੜ੍ਹਾਂ ਨੇ ਪੰਜਾਬ ਦੇ ਕਈ ਹਿੱਸਿਆਂ ’ਚ ਕਹਿਰ ਢਾਹਿਆ ਹੈ, ਜਿਸ ਨਾਲ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਇਸ ਨੁਕਸਾਨ ਨੂੰ ਵੇਖਦਿਆਂ ਮਾਹਰਾਂ ਨੇ ਕਿਸਾਨਾਂ ਨੂੰ ਸੁਝਾਅ ਦਿਤਾ ਹੈ ਕਿ ਜੇਕਰ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਅਗਸਤ ਦੇ ਪਹਿਲੇ ਹਫ਼ਤੇ ਤਕ ਬਿਜਾਈ ਸੰਭਵ ਨਹੀਂ ਹੈ ਤਾਂ ਕਿਸਾਨ ਮੱਕੀ, ਬਾਜਰਾ, ਸਬਜ਼ੀਆਂ ਅਤੇ ਮੂੰਗੀ ਵਰਗੀਆਂ ਬਦਲਵੀਆਂ ਫਸਲਾਂ ਉਗਾਉਣ। ਪੰਜਾਬ ’ਚ 9 ਤੋਂ 11 ਜੁਲਾਈ ਦੌਰਾਨ ਜ਼ਬਰਦਸਤ ਮੀਂਹ ਪਿਆ ਸੀ। ਇਸ ਨਾਲ ਵੱਡੇ ਪੱਧਰ ’ਤੇ ਖੇਤਾਂ ’ਚ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ
ਪੰਜਾਬ ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਛੇ ਲੱਖ ਏਕੜ ਤੋਂ ਵੱਧ ਖੇਤਾਂ ’ਚ ਪਾਣੀ ਭਰ ਗਿਆ ਹੈ ਅਤੇ ਇਸ ’ਚ ਦੋ ਲੱਖ ਏਕੜ ਝੋਨੇ ਦੀ ਮੁੜ ਬਿਜਾਈ ਕਰਨ ਦੀ ਜ਼ਰੂਰਤ ਹੈ। ਝੋਨੇ ਦਾ ਸਭ ਤੋਂ ਵੱਧ ਰਕਬਾ ਪਟਿਆਲਾ, ਸੰਗਰੂਰ, ਮੁਹਾਲੀ, ਰੂਪਨਗਰ, ਜਲੰਧਰ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਪ੍ਰਭਾਵਤ ਹੋਇਆ ਹੈ। ਕੁਲ ਮਿਲਾ ਕੇ ਪੰਜਾਬ ਦੇ 19 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਹੜ੍ਹ ਦੇ ਪਾਣੀ ਨਾਲ ਪ੍ਰਭਾਵਤ ਹੋਈ ਹੈ, ਉਨ੍ਹਾਂ ਨੂੰ ਅਗਸਤ ਦੇ ਪਹਿਲੇ ਹਫ਼ਤੇ ਤਕ ਇਸ ਨੂੰ ਮੁੜ ਬੀਜਣ ਨੂੰ ਕਿਹਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਟਾਈ ’ਚ ਦੇਰ ਹੋਵੇਗੀ ਅਤੇ ਅਖ਼ੀਰ ਨਵੰਬਰ ’ਚ ਕਣਕ ਦੀ ਫਸਲ ਦੀ ਬਿਜਾਈ ’ਤੇ ਵੀ ਅਸਰ ਪਵੇਗਾ।
ਇਹ ਵੀ ਪੜ੍ਹੋ: ਰੂਸ-ਯੂਕਰੇਨ ਜੰਗ ਵਿਚਕਾਰ ਸਾਊਦੀ ਅਰਬ ਅਗਸਤ ’ਚ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ ਕਰੇਗਾ
ਪੰਜਾਬ ’ਚ ਕਈ ਹੜ੍ਹ ਪ੍ਰਭਾਵਤ ਇਲਾਕੇ ਹਨ ਜਿੱਥੇ ਖੇਤਾਂ ’ਚ ਅਜੇ ਵੀ ਪਾਣੀ ਖੜਾ ਹੋਇਆ ਹੈ ਅਤੇ ਇਨ੍ਹਾਂ ’ਚੋਂ ਪਾਣੀ ਕੱਢਣ ’ਚ ਕਈ ਦਿਨ ਲਗਣਗੇ। ਅਜਿਹੇ ’ਚ ਕਿਸਾਨਾਂ ਸਾਹਮਣੇ ਝੋਨੇ ਦੀ ਮੁੜ ਬਿਜਾਈ ਲਈ ਸੀਮਤ ਸਮਾਂ ਹੋਵੇਗਾ। ਇਸ ਤੋਂ ਇਲਾਵਾ ਝੋਨੇ ਦੀ ਪੌਧ ਮੁੜ ਬਿਜਾਈ ਲਈ ਤਿਆਰ ਹੋਣ ’ਚ ਕਈ ਦਿਨ ਲੱਗ ਜਾਂਦੇ ਹਨ। ਖੇਤੀ ਵਾਲੇ ਇਲਾਕਿਆਂ ’ਚ ਉਫ਼ਨਦੀਆਂ ਨਦੀਆਂ ਦੇ ਹੜ੍ਹ ਦੇ ਪਾਣੀ ਨਾਲ ਆਈ ਗਾਦ ਅਤੇ ਪੱਥਰ ਵੀ ਝੋਨੇ ਦੀ ਫਸਲ ਦੀ ਬਿਜਾਈ ਲਈ ਉਤਪਾਦਕਾਂ ਲਈ ਚੁਨੌਤੀ ਬਣ ਰਹੇ ਹਨ।
ਸੂਬਾ ਖੇਤੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ, ‘‘ਜੇਕਰ ਖੇਤਾਂ ਦੇ ਪਾਣੀ ’ਚ ਡੁੱਬੇ ਹੋਣ ਕਾਰਨ 7-8 ਅਗੱਸਤ ਤਕ ਝੋਨੇ ਦੀ ਫਸਲ ਦੀ ਬਿਜਾਈ ਸੰਭਵ ਨਹੀਂ ਹੈ ਤਾਂ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਵਰਗੀਆਂ ਬਦਲਵੀਆਂ ਫਸਲਾਂ ਉਗਾਉਣ ਲਈ ਕਿਹਾ ਜਾਵੇਗਾ।’’ ਅਧਿਕਾਰੀ ਨੇ ਕਿਹਾ ਕਿ ਮੱਕੀ ਦੀ ਫਸਲ ਦਾ ਪ੍ਰਯੋਗ ਪਸ਼ੂਆਂ ਦੇ ਚਾਰੇ ਦੇ ਰੂਪ ’ਚ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਮੂੰਗੀ ਦੀ ਫਸਲ ਮਿੱਟੀ ਦੀ ਸਿਹਤ ’ਚ ਸੁਧਾਰ ਤੋਂ ਇਲਾਵਾ ਲਾਭਕਾਰੀ ਮੁੱਲ ਦਿਵਾ ਸਕਦੀ ਹੈ ਅਤੇ ਇਹ 60-65 ਦਿਨਾਂ ’ਚ ਤਿਆਰ ਹੋ ਸਕਦੀ ਹੈ।
ਪੰਜਾਬੀ ਖੇਤੀ ਯੂਨੀਵਰਸਿਟੀ ਦੇ ਡਾਇਰੈਕਟਰ (ਵਿਸਤਾਰ ਸਿਖਿਆ) ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਕਿਸਾਨ ਅਗੱਸਤ ’ਚ ਸਬਜ਼ੀਆਂ, ਬਾਜਰਾ ਉਗਾ ਸਕਦੇ ਹਨ ਅਤੇ ਜੇਕਰ ਝੋਨਾ ਮੁੜ ਨਹੀਂ ਬੀਜਿਆ ਜਾ ਸਕਿਆ, ਤਾਂ ਉਹ ਸਤੰਬਰ ’ਚ ਤੇਲ ਦੇ ਬੀਜਾਂ ਦੀਆਂ ਫਸਲਾਂ ਵੀ ਉਜਾ ਸਕਦੇ ਹਨ। ਜਿਨ੍ਹਾਂ ਝੋਨਾ ਉਤਪਾਦਕਾਂ ਦੀ ਫਸਲ ਹੜ੍ਹ ਦੇ ਪਾਣੀ ’ਚ ਬਰਬਾਦ ਹੋ ਗਈ ਹੈ, ਉਨ੍ਹਾਂ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਘੱਟ ਸਮੇਂ ਵਾਲੀਆਂ ਚੌਲਾਂ ਦੀਆਂ ਕਿਸਮਾਂ-ਪੀ.ਆਰ. 126 ਅਤੇ ਪੂਸਾ ਬਾਸਮਤੀ-1509 ਨਾਲ ਸਾਉਣੀ ਦੀ ਫਸਲ ਦੀ ਮੁੜ ਬਿਜਾਈ ਕਰਨ ਲੰਮੇ ਸਮੇਂ ਦੀਆਂ ਕਿਸਮਾਂ ਨੂੰ ਪੱਕਣ ’ਚ 110 ਤੋਂ 130 ਦਿਨ ਲਗਦੇ ਹਨ, ਜਦਕਿ ਪੀ.ਆਰ. 126 ਕਿਸਮ 93 ਦਿਨਾਂ ’ਚ ਪੱਕ ਜਾਂਦੀ ਹੈ, ਜਿਸ ਨਾਲ ਅਗਲੀ ਕਣਕ ਦੀ ਫਸਲ ਦੀ ਬਿਜਾਈ ਲਈ ਢੁਕਵਾਂ ਸਮਾਂ ਮਿਲ ਸਕਦਾ ਹੈ।