
ਹਾਈ ਕੋਰਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀ ਕਿ ਨੂਤਨ ਨੂੰ ਸਹੁਰੇ ਘਰ 'ਚ ਦਾਖਲੇ ਦੇ ਨਾਲ-ਨਾਲ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।
ਬਿਜਨੌਰ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਕੋਤਵਾਲੀ ਥਾਣਾ ਖੇਤਰ ਵਿੱਚ ਇੱਕ ਵਿਆਹੁਤਾ ਔਰਤ ਨੂੰ ਉਸ ਦੇ ਸਹੁਰੇ ਘਰ 'ਚ ਵਾੜਨ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੇਸੀਬੀ (ਬੁਲਡੋਜ਼ਰ) ਦਾ ਸਹਾਰਾ ਲੈਣਾ ਪਿਆ। ਇਸ ਮਾਮਲੇ ਬਾਰੇ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਹੁਕਮਾਂ ਦੀ ਪੂਰਤੀ ਕਰਨ ਆਈ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਵਿਆਹੁਤਾ ਔਰਤ ਨੂੰ ਸਹੁਰੇ ਘਰ ਵਿੱਚ ਦਾਖਲ ਕਰਵਾਉਣ ਲਈ ਘਰ ਦਾ ਬੰਦ ਦਰਵਾਜ਼ਾ ਖੋਲ੍ਹਣ ਵਾਸਤੇ ਜੇਸੀਬੀ ਦਾ ਸਹਾਰਾ ਲੈਣਾ ਪਿਆ।
ਦਰਅਸਲ ਥਾਣਾ ਕੋਤਵਾਲੀ ਕਸਬੇ ਦੇ ਪਿੰਡ ਧੋਕਲਪੁਰ ਦੀ ਨੂਤਨ ਮਲਿਕ ਦਾ ਵਿਆਹ ਪੰਜ ਸਾਲ ਪਹਿਲਾਂ ਹਲਦੌਰ ਦੇ ਮੁਹੱਲਾ ਹਰੀਨਗਰ ਵਾਸੀ ਬੈਂਕ ਮੈਨੇਜਰ ਰੌਬਿਨ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਪਤੀ-ਪਤਨੀ ਵਿਚਕਾਰ ਝਗੜਾ ਹੋਣ ਤੋਂ ਬਾਅਦ 23 ਜੂਨ 2019 ਨੂੰ ਪੁਲਿਸ ਨੇ ਨੂਤਨ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਰੌਬਿਨ ਨੂੰ ਗ੍ਰਿਫ਼ਤਾਰ ਕਰ ਲਿਆ। ਉਦੋਂ ਤੋਂ ਨੂਤਨ ਆਪਣੇ ਪੇਕੇ ਘਰ ਰਹਿ ਰਹੀ ਸੀ। ਨੂਤਨ ਨੂੰ ਇਨਸਾਫ਼ ਦਿਵਾਉਣ ਉਸ ਦੇ ਪਿਤਾ ਸ਼ੇਰ ਸਿੰਘ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।
ਹਾਈ ਕੋਰਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀ ਕਿ ਨੂਤਨ ਨੂੰ ਸਹੁਰੇ ਘਰ 'ਚ ਦਾਖਲੇ ਦੇ ਨਾਲ-ਨਾਲ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ। ਐਤਵਾਰ ਦੇ ਦਿਨ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਪੁਲਿਸ ਸਮੇਤ ਨੂਤਨ ਨੂੰ ਲੈ ਕੇ ਉਸ ਦੇ ਸਹੁਰੇ ਘਰ ਗਈ, ਤਾਂ ਨੂਤਨ ਦੇ ਪਤੀ ਰੌਬਿਨ ਦੇ ਪਰਿਵਾਰਕ ਮੈਂਬਰਾਂ ਨੇ ਨੂਤਨ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰਦੇ ਹੋਏ, ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਸ ਬਾਰੇ ਕਾਫ਼ੀ ਦੇ ਬਹਿਸ ਹੁੰਦੀ ਰਹੀ, ਪਰ ਜਦੋਂ ਅੰਤ ਵਾਹ ਨਾ ਚੱਲਦੀ ਦੇਖ ਦਰਵਾਜ਼ਾ ਤੋੜਨ ਲਈ ਜੇਸੀਬੀ ਬੁਲਾਈ ਗਈ, ਤਾਂ ਕਿਤੇ ਜਾ ਕੇ ਸਹੁਰਿਆਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਨੂਤਨ ਘਰ ਅੰਦਰ ਦਾਖਲ ਹੋਈ।ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਔਰਤ ਨੂੰ ਸਹੁਰੇ ਘਰ ਦਾਖ਼ਲ ਕਰਕੇ ਪੁਲੀਸ ਸੁਰੱਖਿਆ ਦਿੱਤੀ ਗਈ ਹੈ।