
ਯੋਗੀ ਨੇ 25 ਲੱਖ ਦੀ ਮਾਲੀ ਸਹਾਇਤਾ, ਨੌਕਰੀ ਅਤੇ ਮਕਾਨ ਦੇਣ ਦਾ ਕੀਤਾ ਐਲਾਨ
ਲਖਨਊ, 30 ਸਤੰਬਰ : ਹਾਥਰਸ ਪੀੜਤਾ ਦੇ ਪੁਲਿਸ ਵਲੋਂ ਸਸਕਾਰ ਤੋਂ ਬਆਦ ਹਾਲਾਤ ਬਣੇ ਹਾਥਰਸ 'ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪੀੜਤਾ ਨੂੰ ਨਿਆਂ ਦਵਾਉਣ ਲਈ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸ਼ੋਸ਼ਲ ਮੀਡੀਆਂ ਤੋਂ ਲੈ ਕੇ ਵੱਖ- ਵੱਖ ਪਲੇਟਫ਼ਾਰਮਾਂ 'ਤੇ ਪੀੜਤਾ ਨੂੰ ਨਿਆਂ ਦਵਾਉਣ ਲਈ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਹਾਥਰਸ ਪੀੜਤਾ ਨਾਲ ਹੋਈ ਹਿੰਸਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਹੁਣ ਹਿੰਸਾ ਦੇ ਮਾਮਲੇ ਵੀ ਸਾਹਣੇ ਆ ਰਹੇ ਹਨ। ਉੱਤਰ ਪ੍ਰਦੇਸ਼ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਕਾਂਗਰਸੀ ਵਰਕਰ ਅਤੇ ਸਥਾਨਕ ਲੋਕ ਛੱਪੜ ਦੇ ਚੌਰਾਹੇ ਨੇੜੇ ਦੁਕਾਨਾਂ ਬੰਦ ਕਰ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ। ਪੱਥਰਬਾਜ਼ੀ ਨੂੰ ਵੇਖਦੇ ਹੋਏ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਫਿਲਹਾਲ ਸਥਿਤੀ ਨੂੰ ਨਿਯੰਤਰਣ 'ਚ ਦੱਸੀ ਜਾ ਰਹੀ ਹੈ।
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਅੱਜ ਹਾਥਰਸ 'ਚ ਪੀੜਤਾ ਦੇ ਪਿਤਾ ਨਾਲ ਵੀਡੀਉ ਕਾਲ ਰਾਂਹੀ ਤੇ ਗੱਲ ਕੀਤੀ। ਮੁੱਖ ਮੰਤਰੀ ਨੇ ਪੀੜਤ ਪਰਵਾਰ ਨੂੰ ਦਿਲਾਸਾ ਦਿਤਾ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ ਅਤੇ ਪ੍ਰਸ਼ਾਸਨ ਨੂੰ ਪੀੜਤ ਪਰਵਾਰ ਦੀ ਹਰ ਸੰਭਵ ਮਦਦ ਦੇ ਨਿਰਦੇਸ਼ ਦਿਤੇ ਹਨ।
ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਪੀੜਤ ਪਰਵਾਰ ਨੂੰ ਕੁੱਲ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ, ਪਰਵਾਰ ਦੇ ਇਕ ਮੈਂਬਰ ਨੂੰ ਜੂਨੀਅਰ ਸਹਾਇਕ ਦੇ ਅਹੁਦੇ 'ਤੇ ਨੌਕਰੀ, ਹਾਥਰਸ ਸ਼ਹਿਰ 'ਚ ਇਕ ਘਰ ਅਲਾਟ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੀ.ਐਮ. ਨੇ ਫ਼ਾਸਟ ਟਰੈਕ ਕੋਰਟ 'ਚ ਮੁਕੱਦਮੇ ਦੀ ਸੁਣਵਾਈ ਨੂੰ ਮਨਜ਼ੂਰੀ ਦੇ ਦਿਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦੀ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ ਹੈ।(ਏਜੰਸੀ)
ਰਾਹੁਲ ਅਤੇ ਪ੍ਰਿਯੰਕਾ ਨੇ ਯੋਗੀ ਦਾ ਮੰਗਿਆ ਅਸਤੀਫ਼ਾ
ਨਵੀਂ ਦਿੱਲੀ, 30 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਥਰਸ 'ਚ ਇਕ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਅਤੇ ਇਸ ਨਾਲ ਜੁੜੇ ਤੱਥਾਂ ਨੂੰ ਦਬਾਉਣ ਨੂੰ ਜ਼ਿਆਦਾ ਗੰਭੀਰ ਅਪਰਾਧ ਦਸਿਆ। ਦੋਹਾਂ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਰਾਹੁਲ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਭਾਰਤ ਦੀ ਇਕ ਬੇਟੀ ਦਾ ਰੇਪ-ਕਤਲ ਕੀਤਾ ਜਾਂਦਾ ਹੈ, ਤੱਥ ਦਬਾਏ ਜਾਂਦੇ ਹਨ ਅਤੇ ਅੰਤ 'ਚ ਉਸ ਦੇ ਪਰਵਾਰ ਤੋਂ ਅੰਤਮ ਸੰਸਕਾਰ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ। ਇਹ ਅਪਮਾਨਜਨਕ ਅਤੇ ਅਨਿਆਂਪੂਰਨ ਹੈ।
ਪ੍ਰਿਯੰਕਾ ਨੇ ਕਿਹਾ ਕਿ ਰਾਤ ਨੂੰ ਪਰਵਾਰ ਵਾਲੇ ਗਿੜਗਿੜਾਉਂਦੇ ਰਹੇ ਪਰ ਹਾਥਰਸ ਦੀ ਪੀੜਤਾ ਦੇ ਸਰੀਰ ਨੂੰ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਜ਼ਬਰਨ ਸਾੜ ਦਿਤਾ। ਜਦੋਂ ਉਹ ਜਿਉਂਦੀ ਸੀ, ਉਦੋਂ ਸਰਕਾਰ ਨੇ ਉਸ ਨੂੰ ਸੁਰੱਖਿਆ ਨਹੀਂ ਦਿਤੀ। ਜਦੋਂ ਉਸ 'ਤੇ ਹਮਲਾ ਹੋਇਆ ਸਰਕਾਰ ਨੇ ਸਮੇਂ 'ਤੇ ਇਲਾਜ ਨਹੀਂ ਦਿਤਾ। ਪੀੜਤਾ ਦੀ ਮੌਤ ਤੋਂ ਬਾਅਦ ਸਰਕਾਰ ਨੇ ਪਰਵਾਰ ਵਾਲਿਆਂ ਤੋਂ ਬੇਟੀ ਦੇ ਅੰਤਮ ਸਸਕਾਰ ਦਾ ਅਧਿਕਾਰ ਖੋਹਿਆ ਅਤੇ ਮ੍ਰਿਤਕਾ ਨੂੰ ਸਨਮਾਨ ਤਕ ਨਹੀਂ ਦਿਤਾ।'' ਪ੍ਰਿਯੰਕਾ ਨੇ ਇਸ ਨੂੰ ਅਣਮਨੁੱਖੀ ਅਤੇ ਗੰਭੀਰ ਅਪਰਾਧ ਕਰਾਰ ਦਿਤਾ ਅਤੇ ਕਿਹਾ 'ਘੋਰ ਅਣਮਨੁੱਖਤਾ'। ਤੁਸੀਂ ਅਪਰਾਧ ਰੋਕਿਆ ਨਹੀਂ ਸਗੋਂ ਅਪਰਾਧੀਆਂ ਦੀ ਤਰ੍ਹਾਂ ਵਤੀਰਾ ਕੀਤਾ। ਅੱਤਿਆਚਾਰ ਰੋਕਿਆ ਨਹੀਂ, ਇਕ ਮਾਸੂਮ ਬੱਚੀ ਅਤੇ ਉਸ ਦੇ ਪਰਵਾਰ 'ਤੇ ਦੁੱਗਣਾ ਅਤਿਆਚਾਰ ਕੀਤਾ। ਯੋਗੀ ਆਦਿੱਤਿਯਨਾਥ ਅਸਤੀਫ਼ਾ ਦਿਉ। ਤੁਹਾਡੇ ਸ਼ਾਸਨ 'ਚ ਨਿਆਂ ਨਹੀਂ, ਸਿਰਫ਼ ਅਨਿਆਂ ਦਾ ਬੋਲਬਾਲਾ ਹੈ।'' (ਏਜੰਸੀ)