
ਇਸ ਸੰਬੰਧੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਅਧਿਆਪਕ ਨੂੰ ਹਿਰਾਸਤ 'ਚ ਲੈ ਲਿਆ।
ਚਾਈਬਾਸਾ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਕਲਾਸ ਵਿੱਚ ਵਿਦਿਆਰਥਣਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਤੇ ਅਸ਼ਲੀਲ ਵੀਡੀਓ ਦਿਖਾਉਣ ਦੇ ਦੋਸ਼ੀ ਅਧਿਆਪਕ ਨੂੰ ਪਿੰਡ ਦੀਆਂ ਔਰਤਾਂ ਨੇ ਜੁੱਤੀਆਂ ਦਾ ਹਾਰ ਪਾ ਕੇ ਅਤੇ ਮੂੰਹ ’ਤੇ ਕਾਲਖ਼ ਮੱਥ ਕੇ ਪੂਰੇ ਇਲਾਕੇ 'ਚ ਘੁਮਾਇਆ। ਇਸ ਸੰਬੰਧੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਅਧਿਆਪਕ ਨੂੰ ਹਿਰਾਸਤ 'ਚ ਲੈ ਲਿਆ।
ਬਾਅਦ ਵਿੱਚ ਔਰਤਾਂ ਨੇ ਦੋਸ਼ੀ ਅਧਿਆਪਕ ਨੂੰ ਜੇਲ੍ਹ ਭੇਜਣ ਦੀ ਮੰਗ ਨੂੰ ਲੈ ਕੇ ਬੜਾਜਾਮਦਾ ਥਾਣੇ ਦਾ ਘਿਰਾਓ ਵੀ ਕੀਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੋਵਾਮੁੰਡੀ ਬਲਾਕ ਦੇ ਸਰਕਾਰੀ ਮਿਡਲ ਸਕੂਲ ਖਾਸਜਮਦਾ ਦੀਆਂ ਘੱਟੋ-ਘੱਟ ਛੇ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਅਧਿਆਪਕ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਵੀਡੀਓ ਦਿਖਾਈ ਅਤੇ ਉਨ੍ਹਾਂ ਨੂੰ ਅਣਉਚਿਤ ਢੰਗ ਨਾਲ ਛੂਹਿਆ।
ਇਸ ਤੋਂ ਗੁੱਸੇ 'ਚ ਆਏ ਪਿੰਡ ਦੀਆਂ ਔਰਤਾਂ ਸਕੂਲ ਪਹੁੰਚੀਆਂ ਅਤੇ ਦੋਸ਼ੀ ਅਧਿਆਪਕ ਨੂੰ ਫ਼ੜ ਕੇ ਉਸ ਦੇ ਮੂੰਹ 'ਤੇ ਕਾਲਖ਼ ਮੱਥ ਦਿੱਤੀ, ਅਤੇ ਜੁੱਤੀਆਂ ਦਾ ਹਰ ਪਾ ਕੇ ਪੂਰੇ ਮੁਹੱਲੇ ਦਾ ਗੇੜਾ ਲਗਵਾ ਕੇ ਰੇਲਵੇ ਸਟੇਸ਼ਨ ਨੇੜੇ ਪੁੱਜੀਆਂ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਧਿਆਪਕ ਨੂੰ ਹਿਰਾਸਤ ਵਿੱਚ ਲਿਆ।
ਗੁੱਸੇ ਵਿੱਚ ਆਈਆਂ ਔਰਤਾਂ ਨੇ ਥਾਣੇ ਦਾ ਵੀ ਘਿਰਾਓ ਕੀਤਾ ਅਤੇ ਧਰਨੇ ’ਤੇ ਬੈਠ ਗਈਆਂ। ਦੇਰ ਸ਼ਾਮ ਕਿਰੀਬੁਰੂ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ, ਪਰ ਦੇਰ ਰਾਤ ਤੱਕ ਔਰਤਾਂ ਅਧਿਆਪਕ ਨੂੰ ਜੇਲ੍ਹ ਭੇਜਣ 'ਤੇ ਅੜੀਆਂ ਰਹੀਆਂ।