ਪ੍ਰਗਤੀ ਮੈਦਾਨ ਵਿਖੇ ਨਵੇਂ ਬਣੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਨੇ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ 112 ਜ਼ਿਲ੍ਹਿਆਂ ’ਚ ਤਬਦੀਲੀ ਲਿਆਉਣ ਵਾਲਾ ਇੱਛਤ ਜ਼ਿਲ੍ਹਾ ਪ੍ਰੋਗਰਾਮ ਇੱਛਤ ਬਲਾਕਾਂ ਦੇ ਵਿਕਾਸ ਲਈ ਪ੍ਰੋਗਰਾਮ ਦਾ ਆਧਾਰ ਬਣੇਗਾ ਅਤੇ ਉਹ ਅਗਲੇ ਸਾਲ ਇਸ ਦੀ ਸਫਲਤਾ ਦੀ ਸਮੀਖਿਆ ਕਰਨ ਲਈ ਵਾਪਸ ਆਉਣਗੇ। ਇੱਛਤ ਬਲਾਕ ਪ੍ਰੋਗਰਾਮ ਨੂੰ ਲਾਗੂ ਕਰਨ ਨਾਲ ਸਬੰਧਤ ‘ਸੰਕਲਪ ਸਪਤਾਹ’ ਦੀ ਸ਼ੁਰੂਆਤ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇੱਛਤ ਜ਼ਿਲ੍ਹਾ ਪ੍ਰੋਗਰਾਮ ਨੇ ਦੇਸ਼ ਦੇ 112 ਜ਼ਿਲ੍ਹਿਆਂ ’ਚ 25 ਕਰੋੜ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਬਦਲ ਦਿਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਛਤ ਜ਼ਿਲ੍ਹੇ ਹੁਣ ‘ਪ੍ਰੇਰਣਾਦਾਇਕ ਜ਼ਿਲ੍ਹੇ’ ਬਣ ਗਏ ਹਨ। ਮੋਦੀ ਨੇ ਕਿਹਾ, ‘‘ਇਸੇ ਤਰ੍ਹਾਂ, ਅਗਲੇ ਇਕ ਸਾਲ ’ਚ 500 ਇੱਛਤ ਬਲਾਕਾਂ ’ਚੋਂ ਘੱਟੋ-ਘੱਟ 100 ਪ੍ਰੇਰਣਾਦਾਇਕ ਬਲਾਕ ਬਣ ਜਾਣਗੇ।’’ ਉਨ੍ਹਾਂ ਨੇ ਵੱਖ-ਵੱਖ ਮੰਤਰਾਲਿਆਂ ਦੇ ਅਧਿਕਾਰੀਆਂ ਨੂੰ 100 ਬਲਾਕਾਂ ਦੀ ਚੋਣ ਕਰਨ ਅਤੇ ਵੱਖ-ਵੱਖ ਮਾਪਦੰਡਾਂ ’ਤੇ ਕੌਮੀ ਔਸਤ ਤੋਂ ਉੱਪਰ ਲਿਆਉਣ ਦੀ ਬੇਨਤੀ ਕੀਤੀ।
ਮੋਦੀ ਨੇ ਸਮਾਗਮ ’ਚ ਮੌਜੂਦ ਲੋਕਾਂ ਨੂੰ ਕਿਹਾ, ‘‘ਮੈਨੂੰ ਭਰੋਸਾ ਹੈ ਕਿ 2024 ’ਚ ਅਸੀਂ ਅਕਤੂਬਰ-ਨਵੰਬਰ ’ਚ ਮੁੜ ਮਿਲਾਂਗੇ… ਅਤੇ ਪ੍ਰੋਗਰਾਮ ਦੀ ਸਫਲਤਾ ਦਾ ਮੁਲਾਂਕਣ ਕਰਾਂਗੇ। ਮੈਂ ਅਗਲੇ ਸਾਲ ਅਕਤੂਬਰ-ਨਵੰਬਰ ’ਚ ਤੁਹਾਡੇ ਨਾਲ ਮੁੜ ਗੱਲ ਕਰਾਂਗਾ।’’ ਇਸ ਪ੍ਰੋਗਰਾਮ ’ਚ ਦੇਸ਼ ਦੇ ਹਰ ਹਿੱਸੇ ਤੋਂ ਲਗਭਗ 3,000 ਪੰਚਾਇਤ ਅਤੇ ਬਲਾਕ ਜਨਤਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
ਦਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ’ਚ ਬਲਾਕ ਅਤੇ ਪੰਚਾਇਤ ਪੱਧਰ ਦੇ ਅਧਿਕਾਰੀਆਂ, ਕਿਸਾਨਾਂ ਅਤੇ ਸਥਾਨਕ ਲੋਕਾਂ ਸਮੇਤ ਲਗਭਗ ਦੋ ਲੱਖ ਲੋਕਾਂ ਨੇ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇੱਛਤ ਜ਼ਿਲ੍ਹਾ ਪ੍ਰੋਗਰਾਮ ‘ਆਜ਼ਾਦ ਭਾਰਤ ਦੇ ਸਿਖਰਲੇ 10 ਪ੍ਰੋਗਰਾਮਾਂ ਦੀ ਕਿਸੇ ਵੀ ਸੂਚੀ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ।’
ਭਾਰਤ ਮੰਡਪਮ ’ਚ ਹੋਏ ਸਮਾਗਮ ਦੌਰਾਨ ਮੋਦੀ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨ ਵਾਲਾ ਅਤੇ ਗਲੋਬਲ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਵੇਖਣ ਵਾਲਾ ਇਹ ਸਥਾਨ ਹੁਣ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਜ਼ਮੀਨੀ ਮੁੱਦਿਆਂ ’ਤੇ ਚਰਚਾ ਕਰਨ ਦਾ ਸਥਾਨ ਬਣ ਰਿਹਾ ਹੈ।
ਪ੍ਰਗਤੀ ਮੈਦਾਨ ਵਿਖੇ ਨਵੇਂ ਬਣੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਨੇ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨੇ 7 ਜਨਵਰੀ ਨੂੰ ਦੇਸ਼ ਪੱਛਰ ਇੱਛਤ ਬਲਾਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਪੱਧਰ ’ਤੇ ਪ੍ਰਸ਼ਾਸਨ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਇਸ ਨੂੰ ਦੇਸ਼ ਦੇ 329 ਜ਼ਿਲ੍ਹਿਆਂ ਦੇ 500 ਇੱਛਤ ਬਲਾਕਾਂ ’ਚ ਲਾਗੂ ਕੀਤਾ ਜਾ ਰਿਹਾ ਹੈ। 3 ਤੋਂ 9 ਅਕਤੂਬਰ ਤਕ ਚੱਲਣ ਵਾਲੇ ‘ਸੰਕਲਪ ਸਪਤਾਹ’ ਦਾ ਹਰ ਦਿਨ ਇਕ ਖਾਸ ਵਿਕਾਸ ਵਿਸ਼ੇ ਨੂੰ ਸਮਰਪਿਤ ਹੈ ਜਿਸ ’ਤੇ ਸਾਰੇ ਅਭਿਲਾਸ਼ੀ ਬਲਾਕ ਕੰਮ ਕਰਨਗੇ।