
ਹੈਦਰਾਬਾਦ ‘ਚ ਇਕ ਆਟੋ ਡਰਾਇਵਰ ਵਲੋਂ ਸ਼ਰ੍ਹੇਆਮ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ....
ਹੈਦਰਾਬਾਦ (ਭਾਸ਼ਾ) : ਹੈਦਰਾਬਾਦ ‘ਚ ਇਕ ਆਟੋ ਡਰਾਇਵਰ ਵਲੋਂ ਸ਼ਰ੍ਹੇਆਮ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਭਾਵੇਂ ਕਿ ਇਹ ਵਾਰਦਾਤ ਹੈਦਰਾਬਾਦ ਦੇ ਬੇਹੱਦ ਭੀੜ ਭੜੱਕੇ ਵਾਲੇ ਚੌਂਕ ਨੇੜੇ ਵਾਪਰੀ, ਜਿੱਥੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ, ਪਰ ਅਫ਼ਸੋਸ ਕਿ ਨਾ ਤਾਂ ਉਥੇ ਮੌਜੂਦ ਕਿਸੇ ਵਿਅਕਤੀ ਨੇ ਕਾਤਲ ਨੂੰ ਰੋਕਣ ਦੀ ਹਿੰਮਤ ਨਹੀਂ ਦਿਖਾਈ ਅਤੇ ਨਾ ਹੀ ਪੁਲਿਸ ਨੇ, ਬਲਕਿ ਲੋਕ ਤਮਾਸ਼ਬੀਨ ਬਣਕੇ ਇਸ ਕਤਲ ਦੀ ਵੀਡੀਓ ਬਣਾਉਣ 'ਚ ਮਸ਼ਰੂਫ਼ ਰਹੇ।
Murder
ਦਰਅਸਲ ਹੈਦਰਾਬਾਦ ਓਲਡ ਸਿਟੀ ਵਿਚਲੇ ਚੌਂਕ ਨੇੜੇ ਇਕ ਆਟੋ ਡਰਾਈਵਰ ਮੁਹੰਮਦ ਅਬਦੁਲ ਖ਼ਾਜਾ ਨੇ ਸ਼ਾਕਿਰ ਕੁਰੈਸ਼ੀ ਨਾਂਅ ਦੇ ਇਕ ਵਿਅਕਤੀ 'ਤੇ ਸ਼ਰ੍ਹੇਆਮ ਕਸਾਈ ਵਾਲੇ ਛੁਰੇ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਦੌਰਾਨ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਖ਼ਾਜਾ ਨੂੰ ਧੱਕਾ ਮਾਰ ਕੇ ਪਿਛੇ ਹਟ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਕਸਾਈ ਵਾਲੇ ਛੁਰੇ ਨਾਲ ਸ਼ਾਕਿਰ 'ਤੇ ਕਈ ਵਾਰ ਕਰ ਦਿਤੇ। ਕਤਲ ਕਰਨ ਮਗਰੋਂ ਦੋਸ਼ੀ ਆਖ ਰਿਹਾ ਸੀ ਕਿ ਭਾਵੇਂ ਉਸ ਨੂੰ ਫਾਂਸੀ ਹੋ ਜਾਏ, ਉਸ ਨੂੰ ਕੋਈ ਚਿੰਤਾ ਨਹੀਂ।
Murder Case
ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਉਥੇ ਪਹੁੰਚ ਗਈ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ। ਮ੍ਰਿਤਕ ਅਤੇ ਕਾਤਲ ਦੋਵੇਂ ਇਕ ਪਿੰਡ ਚੰਚਲਗੁਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦਸ ਦਈਏ ਕਿ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੈਦਰਾਬਾਦ ਵਿਚ ਸ਼ਰ੍ਹੇਆਮ ਕਤਲ ਕੀਤੇ ਜਾਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਨੂੰ ਸੜਕ 'ਤੇ ਸ਼ਰ੍ਹੇਆਮ ਕੁਹਾੜੀ ਨਾਲ ਵੱਢ ਦਿਤਾ ਗਿਆ ਸੀ।