
ਯੂਜੀਸੀ ਨੇ ਕਿਹਾ ਕਿ ਇਹ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਆਯੋਜਿਤ ਕੀਤਾ ਜਾਵੇਗਾ।
ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਵਿਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਅਕਾਦਮਿਕ ਸਾਲ 2022-2023 ਤੋਂ ਆਯੋਜਿਤ ਕੀਤੀ ਜਾਵੇਗਾ। ਯੂਜੀਸੀ ਨੇ ਕਿਹਾ ਕਿ ਇਹ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਆਯੋਜਿਤ ਕੀਤਾ ਜਾਵੇਗਾ।
University Grants Commission
ਯੂਜੀਸੀ ਨੇ ਇਹ ਵੀ ਕਿਹਾ ਕਿ ਨੈੱਟ ਦੇ ਸਕੋਰ ਦੀ ਵਰਤੋਂ ਪੀਐਚਡੀ ਪ੍ਰੋਗਰਾਮ ਵਿਚ ਦਾਖਲੇ ਲਈ ਜਿੱਥੇ ਵੀ ਸੰਭਵ ਹੋਵੇ ਕੀਤੀ ਜਾਵੇਗੀ। ਕਮਿਸ਼ਨ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਨੂੰ ਅਕਾਦਮਿਕ ਸੈਸ਼ਨ 2022-2023 ਤੋਂ ਆਮ ਦਾਖਲਾ ਪ੍ਰੀਖਿਆ ਲਈ ਢੁਕਵੇਂ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ ਘੱਟੋ-ਘੱਟ 13 ਭਾਸ਼ਾਵਾਂ ਵਿਚ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿਚ ਐਨਟੀਏ ਪਹਿਲਾਂ ਹੀ ਜੇਈਈ ਅਤੇ ਨੀਟ ਪ੍ਰੀਖਿਆਵਾਂ ਕਰਵਾ ਰਿਹਾ ਹੈ।
National Testing Agency
ਕਮਿਸ਼ਨ ਨੇ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਨੂੰ ਇੱਛੁਕ ਰਾਜ/ਪ੍ਰਾਈਵੇਟ ਯੂਨੀਵਰਸਿਟੀ/ਡੀਮਡ ਯੂਨੀਵਰਸਿਟੀ ਵਲੋਂ ਵੀ ਸਵੀਕਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਐਨਟੀਏ ਜ਼ਰੀਏ ਸਾਰੀਆਂ ਯੂਨੀਵਰਸਿਟੀਆਂ ਲਈ ਇਕ ਸੀਈਟੀ ਦਾ ਪ੍ਰਸਤਾਵ ਕੀਤਾ ਹੈ। ਇਸ ਵਿਸ਼ੇ ਨੂੰ ਦੇਖਣ ਅਤੇ ਕੇਂਦਰੀ ਯੂਨੀਵਰਸਿਟੀਆਂ ਲਈ ਦਾਖਲਾ ਪ੍ਰੀਖਿਆ ਦੇ ਰੂਪ-ਰੇਖਾ ਦਾ ਸੁਝਾਅ ਦੇਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ।
Examination
ਕਮਿਸ਼ਨ ਨੇ ਕਿਹਾ, “ਕਮੇਟੀ ਨੇ ਸੀਈਟੀ ਕਰਵਾਉਣ ਲਈ ਰੂਪ-ਰੇਖਾ ਦੇ ਵੇਰਵਿਆਂ ਦੇ ਸਬੰਧ ਵਿਚ ਕਈ ਦੌਰ ਦੀ ਚਰਚਾ ਕੀਤੀ। ਇਸ ਤੋਂ ਬਾਅਦ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਵਿਚਾਰ ਕਰਨ ਲਈ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਾਲ ਮੀਟਿੰਗ ਕੀਤੀ ਗਈ"। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਯੂਨੀਵਰਸਿਟੀਆਂ ਵਿਚ ਦਾਖਲੇ 2021 ਦੇ ਅਕਾਦਮਿਕ ਸੈਸ਼ਨ ਤੋਂ ਸੀਈਟੀ ਦੇ ਆਧਾਰ 'ਤੇ ਹੋਣਗੇ ਪਰ ਕੋਵਿਡ-19 ਮਹਾਂਮਾਰੀ ਕਾਰਨ ਅਜਿਹਾ ਨਹੀਂ ਹੋ ਸਕਿਆ।