
ਦਿਨ ਸਮੇਂ ਹੀ ਭਾਜਪਾ ਨੇ ‘ਆਪ’ ਵਿਧਾਇਕ ’ਤੇ ਗੈਂਗਸਟਰ ਦੀ ਮਦਦ ਨਾਲ ਜਬਰੀ ਵਸੂਲੀ ਕਰਨ ਦਾ ਦੋਸ਼ ਲਾਇਆ ਸੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਪਿਛਲੇ ਸਾਲ ਦਰਜ ਜਬਰਨ ਵਸੂਲੀ ਦੇ ਮਾਮਲੇ ’ਚ ਸਨਿਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਦਿੱਲੀ ਦੇ ਉੱਤਮ ਨਗਰ ਹਲਕੇ ਤੋਂ ਵਿਧਾਇਕ ਬਾਲਿਆਨ ਨੂੰ ਪੁੱਛ-ਪੜਤਾਲ ਲਈ ਆਰ.ਕੇ. ਪੁਰਮ ਸਥਿਤ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਬੁਲਾਇਆ ਗਿਆ ਸੀ ਅਤੇ ਬਾਅਦ ’ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਬਾਲਿਆਨ ਦੀ ਗ੍ਰਿਫਤਾਰੀ ਦੇ ਕੁੱਝ ਘੰਟਿਆਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਸੀ ਕਿ ਬਾਲਿਆਨ ਜਬਰੀ ਵਸੂਲੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਸੀ ਅਤੇ ਪਾਰਟੀ ਨੇ ਸਵਾਲ ਕੀਤਾ ਸੀ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ।
ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਨੇ ਬਾਲਿਆਨ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਜਦਕਿ ਬਾਲਿਆਨ ਨੇ ਭਾਜਪਾ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਵਿਰੁਧ ਪੁਲਿਸ ਕੇਸ ਦਰਜ ਕਰਵਾਉਣਗੇ ਜੋ ਉਨ੍ਹਾਂ ਬਾਰੇ ਝੂਠ ਫੈਲਾਉਂਦੇ ਹਨ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਬਾਲਿਆਨ ਅਤੇ ਵਿਦੇਸ਼ੀ ਗੈਂਗਸਟਰ ਕਪਿਲ ਸਾਂਗਵਾਨ ਵਿਚਾਲੇ ਕਥਿਤ ਗੱਲਬਾਤ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ’ਚ ਵਪਾਰੀਆਂ ਤੋਂ ਜਬਰੀ ਵਸੂਲੀ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।
‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਤੋਂ ਕੇਜਰੀਵਾਲ ਨੇ ਦਿੱਲੀ ’ਚ ਕਾਨੂੰਨ ਵਿਵਸਥਾ ਅਤੇ ਵਧਦੇ ਅਪਰਾਧ ਦਾ ਮੁੱਦਾ ਉਠਾਉਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਭਾਜਪਾ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ਵਿਰੁਧ ਸਾਜ਼ਸ਼ ਰਚਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ, ‘‘ਬਾਲਿਆਨ ਨੂੰ ਇਸੇ ਸਾਜ਼ਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁਧ ਦੋਸ਼ ਬੇਬੁਨਿਆਦ ਹਨ।’’
ਇਸ ਤੋਂ ਪਹਿਲਾਂ ਦਿਨ ਸਮੇਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦੇ ਹੋਏ ਦੋਸ਼ ਲਾਇਆ ਕਿ ਦਿੱਲੀ ’ਚ ਸੱਤਾਧਾਰੀ ਪਾਰਟੀ ਦਾ ਇਕ ਵਿਧਾਇਕ ਇਕ ਗੈਂਗਸਟਰ ਦੀ ਮਦਦ ਨਾਲ ਜਬਰੀ ਵਸੂਲੀ ’ਚ ਸ਼ਾਮਲ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ‘ਆਪ’ ਵਿਧਾਇਕ ਦੀ ਗੈਂਗਸਟਰ ਨਾਲ ਕਥਿਤ ਗੱਲਬਾਤ ਦੀ ਆਡੀਉ ਕਲਿੱਪ ਵੀ ਚਲਾਈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਅਤੇ ਦਾਅਵਾ ਕੀਤਾ ਕਿ ਆਡੀਓ ਕਲਿੱਪ ‘ਫਰਜ਼ੀ’ ਹੈ।
ਉਨ੍ਹਾਂ ਕਿਹਾ, ‘‘ਅਰਵਿੰਦ ਕੇਜਰੀਵਾਲ ਦਿੱਲੀ ’ਚ ਵਿਗੜਦੀ ਕਾਨੂੰਨ ਵਿਵਸਥਾ ਅਤੇ ਵੱਧ ਰਹੇ ਅਪਰਾਧ ਵਿਰੁਧ ਆਵਾਜ਼ ਉਠਾ ਰਹੇ ਹਨ। ਇਨ੍ਹਾਂ ਅਪਰਾਧਾਂ ਨੂੰ ਰੋਕਣ ਦੀ ਬਜਾਏ ਭਾਜਪਾ ਅਤੇ ਅਮਿਤ ਸ਼ਾਹ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੇ ਆਗੂ ਨੂੰ ਰੋਕਣ ਲਈ ਉਹ ਹੁਣ ਜਾਅਲੀ ਆਡੀਉ ਕਲਿੱਪ ਚਲਾ ਰਹੇ ਹਨ।’’
ਭਾਜਪਾ ਦੇ ਆਈ.ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਵੀ ‘ਐਕਸ’ ’ਤੇ ਕਈ ਪੋਸਟਾਂ ਵਿਚ ‘ਆਪ’ ਮੁਖੀ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ, ‘‘ਅਰਵਿੰਦ ਕੇਜਰੀਵਾਲ ਦਿੱਲੀ ’ਚ ਜਬਰੀ ਵਸੂਲੀ ਦਾ ਨੈੱਟਵਰਕ ਚਲਾ ਰਹੇ ਹਨ ਅਤੇ ਫਿਰ ਖਰਾਬ ਕਾਨੂੰਨ ਵਿਵਸਥਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘‘ਆਪ’ ਨੇ ਦਿੱਲੀ ਨੂੰ ਭ੍ਰਿਸ਼ਟਾਚਾਰ ਦੀ ਦਲਦਲ ’ਚ ਬਦਲ ਦਿਤਾ ਹੈ।’’
ਇਹ ਦੋਸ਼ ਅਜਿਹੇ ਸਮੇਂ ਲੱਗੇ ਹਨ ਜਦੋਂ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ’ਚ ਕਥਿਤ ਤੌਰ ’ਤੇ ਵੱਧ ਰਹੇ ਅਪਰਾਧ ਨੂੰ ਲੈ ਕੇ ਕੇਂਦਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਇਆ ਹੈ। ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਨੂੰ ‘ਗੈਂਗਸਟਰ ਰਾਜਧਾਨੀ’ ਬਣਾ ਦਿਤਾ ਹੈ।