
ਮਨਜਿੰਦਰ ਸਿੰਘ ਸਿਰਸਾ ਵਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ
ਨਵੀਂ ਦਿੱਲੀ: ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਹੈ ਕਿ ਉਹ ਦਿਨ ਸ਼ਨਿਚਰਵਾਰ ਪਹਿਲੀ ਫ਼ਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ੇਸ਼ ਬਜਟ ਵਿਵਸਥਾ ਦਾ ਐਲਾਨ ਕਰਨ।
Photo
ਸ. ਸਿਰਸਾ ਨੇ ਕਿਹਾ ਕਿ ਵਿੱਤ ਮੰਤਰੀ ਨੇ 1 ਫ਼ਰਵਰੀ 2020 ਨੂੰ ਬਜਟ ਪੇਸ਼ ਕਰਨਾ ਹੈ, ਇਸ ਵਿਚ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਜੋ ਅਪ੍ਰੈਲ 2021 ਵਿਚ ਆਉਣਾ ਹੈ, ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਬਜਟ ਰਾਸ਼ੀ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
Photo
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਹ ਗੱਲ ਮੰਨ ਚੁੱਕੇ ਹਨ ਕਿ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਨੇ ਅਪਣੀ ਸ਼ਹਾਦਤ ਦਿਤੀ ਸੀ ਤਾਂ ਹੀ ਭਾਰਤ ਦੀ ਮੌਜੂਦਾ ਹੋਂਦ ਸੰਭਵ ਬਣੀ ਅਤੇ ਕਸ਼ਮੀਰੀ ਪੰਡਤਾਂ ਤੇ ਗ਼ੈਰ ਮੁਸਲਿਮਾਂ ਨੂੰ ਇਸਲਾਮ ਧਾਰਨ ਕਰਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ।
Photo
ਦਿੱਲੀ ਦੇ ਚਾਂਦਨੀ ਚੌਕ ਵਿਚ ਅਪਣਾ ਸੀਸ ਭੇਟ ਕੀਤਾ ਸੀ ਜਿਥੇ ਅੱਜ ਗੁਰਦਵਾਰਾ ਸੀਸ ਗੰਜ ਸਾਹਿਬ ਸਥਿਤ ਹੈ। ਜਿਥੇ ਉਨ੍ਹਾਂ ਦੀ ਦੇਹ ਦਾ ਅੰਤਮ ਸਸਕਾਰ ਹੋਇਆ, ਉਥੇ ਅੱਜ ਗੁਰਦਵਾਰਾ ਰਕਾਬ ਗੰਜ ਸਾਹਿਬ ਸਥਿਤ ਹੈ। ਸ. ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਸਾਰੇ ਅਮਨ ਪਸੰਦ ਲੋਕ ਮਨਾਉਣਾ ਚਾਹੁੰਦੇ ਹਨ।
Photo
ਇਹ ਸਮਾਗਮ ਸਾਰਾ ਸਾਲ ਚੱਲਣ ਦੀ ਸੰਭਾਵਨਾ ਹੈ, ਇਸ ਲਈ ਫ਼ੰਡਾਂ ਦੀ ਵਿਵਸਥਾ ਹੋਣ ਨਾਲ ਸਾਰੇ ਪ੍ਰੋਗਰਾਮ ਕਰਨੇ ਸਫਲੇ ਹੋ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਇਨ੍ਹਾਂ ਸਮਾਗਮਾਂ ਵਾਸਤੇ ਢੁਕਵੇਂ ਫ਼ੰਡਾਂ ਦੀ ਵਿਵਸਥਾ ਦਾ ਐਲਾਨ ਲਾਜ਼ਮੀ ਕਰੇਗੀ।