
ਯੂਰਪੀ ਸੰਸਦ ਦੇ ਮੈਂਬਰਾਂ ਨਾਲ ਸੰਵਾਦ ਜਾਰੀ ਰਹੇਗਾ
ਨਵੀਂ ਦਿੱਲੀ : ਨਵੇਂ ਨਾਗਰਿਕਤਾ ਕਾਨੂੰਨ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦਸਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਸੀਏਏ ਸਬੰਧੀ ਮਤੇ ਬਾਰੇ ਮਤਦਾਨ ਨਾ ਕਰਾਉਣ ਦੇ ਯੂਰਪੀ ਸੰਸਦ ਦੇ ਫ਼ੈਸਲੇ ਦਾ ਨੋਟਿਸ ਲਿਆ ਹੈ ਅਤੇ ਉਹ ਇਸ ਮੁੱਦੇ ਬਾਰੇ ਉਸ ਦੇ ਮੈਂਬਰਾਂ ਨਾਲ ਸੰਵਾਦ ਜਾਰੀ ਰਖਣਗੇ।
File Photo
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੇ ਯੂਰਪੀ ਕਮਿਸ਼ਨ ਦੇ ਉਸ ਸਪੱਸ਼ਟੀਕਰਨ ਨੂੰ ਵੇਖਿਆ ਹੈ ਕਿ ਯੂਰਪੀ ਸੰਸਦ ਦੇ ਵਿਚਾਰ, ਸਮੂਹ ਦੇ ਅਧਿਕਾਰਤ ਨਜ਼ਰੀਏ ਨੂੰ ਪੇਸ਼ ਨਹੀਂ ਕਰਦੇ। ਉਨ੍ਹਾਂ ਕਿਹਾ, 'ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਸੀਏਏ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਨੂੰ ਢੁਕਵੀਂ ਕਵਾਇਤ ਅਤੇ ਜਮਹੂਰੀ ਰੂਪ ਵਿਚ ਅਖ਼ਤਿਆਰ ਕੀਤਾ ਗਿਆ ਹੈ।'
File Photo
ਉਨ੍ਹਾਂ ਕਿਹਾ ਕਿ ਅਸੀਂ ਯੂਰਪੀ ਸੰਸਦ ਦੇ ਮੈਂਬਰਾਂ ਨਾਲ ਸੰਵਾਦ ਜਾਰੀ ਰੱਖਾਂਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਦੀ ਤਜਵੀਜ਼ਸ਼ੁਦਾ ਯਾਤਰਾ ਬਾਰੇ ਰੀਪੋਰਟ ਸਬੰਧੀ ਪੁੱਛੇ ਜਾਣ 'ਤੇ ਕੁਮਾਰ ਨੇ ਕਿਹਾ, 'ਇਸ ਮਾਮਲੇ ਵਿਚ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ। ਯਾਤਰਾ ਦੀ ਤਰੀਕ ਅਤੇ ਹੋਰ ਗੱਲਾਂ ਬਾਰੇ ਚਰਚਾ ਚੱਲ ਰਹੀ ਹੈ। ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ।'
File Photo
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਭਾਰਤ ਨੇ ਬ੍ਰਿਟੇਨ ਦੀ ਸਰਕਾਰ ਸਾਹਮਣੇ ਲੰਦਨ ਵਿਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਐਤਵਾਰ ਨੂੰ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੇ ਮੁੱਦੇ ਨੂੰ ਚੁਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਫ਼ਾਰਤਖ਼ਾਨੇ ਵਿਚ ਕੰਮਕਾਜ ਵਿਚ ਅੜਿੱਕਾ ਪੈਦਾ ਕਰਦੀਆਂ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਹੀਂ ਜਾਣਗੀਆਂ।