
ਪੰਜਾਬ, ਹਰਿਆਣਾ ਸਮੇਤ ਵੱਖ ਵੱਖ ਸੂਬਿਆਂ ਵਿਚੋਂ ਵੱਡੀ ਗਿਣਤੀ ਲੋਕਾਂ ਦਾ ਦਿੱਲੀ ਵੱਲ ਕੂਚ ਜਾਰੀ
ਨਵੀਂ ਦਿੱਲੀ : ਲਾਲ ਕਿਲ੍ਹਾ ਘਟਨਾ ਕਾਰਨ ਲੱਗੇ ਵੱਡੇ ਝਟਕੇ ਤੋਂ ਬਾਅਦ ਕਿਸਾਨੀ ਅੰਦੋਲਨ ਮੁੜ ਸਿਖਰਾਂ ਛੂਹਣ ਲੱਗਾ ਹੈ। ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਵਿਚੋਂ ਵੱਡੀ ਗਿਣਤੀ ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ਵੱਲ ਜਾਣਾ ਲਗਾਤਾਰ ਜਾਰੀ ਹੈ। ਇਹ ਉਬਾਲ ਸੱਤਾਧਾਰੀ ਧਿਰ ਵਲੋਂ ਧਰਨਾ ਚੁਕਵਾਉਣ ਲਈ ਕੀਤੀ ਕਾਹਲ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਬਾਅਦ ਆਇਆ ਹੈ। ਰਾਕੇਸ਼ ਟਿਕੈਤ ਨੂੰ ਕਈ ਦਿਗਜ ਆਗੂ ਮਿਲ ਚੁਕੇ ਹਨ ਅਤੇ ਕਈ ਸੰਸਥਾਵਾਂ ਉਨ੍ਹਾਂ ਦਾ ਸਨਮਾਨ ਵੀ ਕਰ ਚੁਕੀਆਂ ਹਨ।
Rakesh Tikait
ਇਸ ਦੌਰਾਨ ਪੰਜਾਬੀ ਗਾਇਕਾਂ ਨੇ ਵੀ ਦਿੱਲੀ ਵੱਲ ਚਾਲੇ ਪਾ ਦਿਤੇ ਹਨ। ਅੱਜ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਧਰਨਾ ਸਥਾਨ ‘ਤੇ ਪਹੁੰਚ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਰਵਿੰਦਰ ਗਰੇਵਾਲ ਨੇ ਮੰਚ ਤੋਂ ਰਾਕੇਸ਼ ਟਿਕੈਤ ਦੀ ਤਾਰੀਫ ਵਿਚ ਗੀਤ ਗਾਇਆ, ਜਿਸ ਨੂੰ ਵੱਡੀ ਪੱਧਰ ’ਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਸਰੋਤਿਆਂ ਵਿਚ ਠੀਕ ਉਸੇ ਤਰ੍ਹਾਂ ਦਾ ਜੋਸ਼ ਭਰ ਰਿਹਾ ਹੈ, ਜਿਸ ਤਰ੍ਹਾਂ ਦਾ ਰਾਕੇਸ਼ ਟਿਕੈਤ ਦੇ ਭਾਸ਼ਣ ਕਾਰਨ ਭਰਿਆ ਸੀ।
Ravinder Grewal
ਕਾਬਲੇਗੌਰ ਹੈ ਕਿ 26/1 ਦੀ ਘਟਨਾ ਤੋਂ ਬਾਅਦ ਸਰਕਾਰ ਵਲੋਂ ਕਿਸਾਨਾਂ ਦੇ ਧਰਨਿਆਂ ਨੂੰ ਚੁਕਵਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਸਥਾਨਕ ਵਾਸੀਆਂ ਦੇ ਭੇਸ ਵਿਚ ਕੁੱਝ ਲੋਕਾਂ ਵਲੋਂ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਵੀ ਸਾਹਮਣੇ ਆ ਚੁਕੀਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ‘ਤੇ ਪੱਖਪਾਤੀ ਰਵੱਈਆ ਅਪਨਾਉਣ ਦੇ ਦੋਸ਼ ਵੀ ਲੱਗੇ ਹਨ। ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਦਾ ਦਿੱਲੀ ਵੱਲ ਕੂਚ ਜਾਰੀ ਹੈ।
Delhi border
ਗਾਇਕ, ਕਲਾਕਾਰ ਅਤੇ ਬੁੱਧੀਜੀਵੀ ਵਰਗ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਚਰ ਰਿਹਾ ਹੈ। ਬੀਤੇ ਕੱਲ੍ਹ ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਬੱਬੂ ਮਾਨ ਸਮੇਤ ਹੋਰ ਕਈ ਗਾਇਕ ਕਿਸਾਨਾਂ ਦੀ ਹੌਂਸਲਾ ਅਫਜਾਈ ਲਈ ਪਹੁੰਚੇ ਸਨ। ਇਸ ਤੋਂ ਇਲਾਵਾ ਹਰਫ਼ ਚੀਮਾ, ਰੁਪਿੰਦਰ ਹਾਂਡਾ, ਰਣਜੀਤ ਬਾਵਾ, ਦਿਲਜੀਤ ਦੌਸਾਂਝ ਆਦਿ ਵਲੋਂ ਵੀ ਲੋਕਾਂ ਨੂੰ ਦਿੱਲੀ ਕੂਚ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।