ਅਪ੍ਰੇਸ਼ਨ ਬਲੂ ਸਟਾਰ ਸਮੇਂ ਫ਼ੌਜੀ ਕਾਰਵਾਈ ਦੀ ਅਗਵਾਈ ਕਰਨ ਵਾਲੇ ਜਨਰਲ ਨੇ ਕਿਹਾ ਕਿ ਮੇਰੀ ਚੋਣ ਵੀ ਇਕ ਸੈਨਿਕ ਵਜੋਂ ਹੀ ਕੀਤੀ ਗਈ
ਚੰਡੀਗੜ੍ਹ (ਭੁੱਲਰ): ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਅਪ੍ਰੇਸ਼ਨ ਬਲੂ ਸਟਾਰ ਸਮੇਂ ਫ਼ੌਜੀ ਕਾਰਵਾਈ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਨੇ 39 ਸਾਲ ਬਾਅਦ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ਹਿ ਦੇ ਕੇ ਖੜਾ ਕੀਤਾ ਸੀ ਅਤੇ ਬਾਅਦ ਵਿਚ ਜਦ ਉਹ ਬੁਲੰਦੀਆਂ ’ਤੇ ਪਹੁੰਚ ਗਏ ਤਾਂ ਖ਼ੁਦ ਹੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਹਮਲੇ ਦਾ ਹੁਕਮ ਦਿਤਾ।
ਇਕ ਮੀਡੀਆ ਇੰਟਰਵਿਊ ਵਿਚ ਜਨਰਲ ਬਰਾੜ ਨੇ ਕਿਹਾ ਕਿ ਉਸ ਸਮੇਂ ਖ਼ਾਲਿਸਤਾਨ ਦੀ ਲਹਿਰ ਜ਼ੋਰ ਫੜ ਰਹੀ ਸੀ ਪਰ ਇੰਦਰਾ ਗਾਂਧੀ ਨੇ ਸੱਭ ਕੁੱਝ ਜਾਣਦੇ ਹੋਏ ਵੀ ਇਸ ਨੂੰ ਨਹੀਂ ਰੋਕਿਆ ਅਤੇ ਸੰਤ ਭਿੰਡਰਾਂਵਾਲਿਆਂ ਦਾ ਕੱਦ ਵਧਾਇਆ ਗਿਆ। ਜਦੋਂ ਉਨ੍ਹਾਂ ਦਾ ਰੁਤਬਾ ਵਧਣ ਲੱਗਾ ਤਾਂ ਖ਼ੁਦ ਉਨ੍ਹਾਂ ਨੂੰ ਹੁਕਮ ਦੇ ਕੇ ਫ਼ੌਜੀ ਹਮਲੇ ਰਾਹੀਂ ਖ਼ਤਮ ਕਰਵਾ ਦਿਤਾ।
ਜਨਰਲ ਬਰਾੜ ਨੇ ਕਿਹਾ ਕਿ ਮੇਰੀ ਚੋਣ ਵੀ ਫ਼ੌਜੀ ਕਾਰਵਾਈ ਲਈ ਇਕ ਸੈਨਿਕ ਵਜੋਂ ਹੀ ਕੀਤੀ ਗਈ ਅਤੇ ਇਹ ਕੁੱਝ ਨਹੀਂ ਦੇਖਿਆ ਗਿਆ ਕਿ ਮੈਂ ਸਿੱਖ ਹਾਂ, ਹਿੰਦੂ, ਪਾਰਸੀ ਜਾਂ ਕੁੱਝ ਹੋਰ ਨਹੀਂ। ਮੈਂ ਵੀ ਇਕ ਸੈਨਿਕ ਵਜੋਂ ਹੀ ਡਿਊਟੀ ਨਿਭਾਈ। ਬਰਾੜ ਵਲੋਂ ਮੌਜੂਦਾ ਸਮੇਂ ਵਿਚ ਖ਼ਾਲਿਸਤਾਨ ਦੀ ਲਹਿਰ ਦੇ ਮੁੜ ਉਭਾਰ ਬਾਰੇ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਲਹਿਰ ਨੂੰ ਦੁਨੀਆਂ ਭਰ ਵਿਚ ਇਸ ਸਮੇਂ ਸਹਾਇਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡਾ ਹੋਵੇ, ਇੰਗਲੈਂਡ, ਅਮਰੀਕਾ, ਹੋਰ ਦੇਸ਼ ਜਾਂ ਪਾਕਿਸਤਾਨ, ਸੱਭ ਥਾਂ ਖ਼ਾਲਿਸਤਾਨ ਸਰਗਰਮੀ ਹੋ ਰਹੀ ਹੈ।