
ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੋਂ ਬਾਅਦ ਅੱਜ ਉਸ ਦੇ ਬੇਟੇ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਮੋਰਚਾ ਖੋਲ੍ਹਿਆ।
ਨਵੀਂ ਦਿੱਲੀ, 2 ਅਗੱਸਤ : ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੋਂ ਬਾਅਦ ਅੱਜ ਉਸ ਦੇ ਬੇਟੇ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਮੋਰਚਾ ਖੋਲ੍ਹਿਆ। ਤੇਜਸਵੀ ਨੇ ਦੋਸ਼ ਲਾਇਆ ਕਿ ਨਿਤੀਸ਼ ਕੁਮਾਰ ਅਪਣੀ ਸਹੂਲਤ ਦੇ ਹਿਸਾਬ ਨਾਲ ਅਪਣੀ ਅੰਤਰਆਤਮਾ ਨੂੰ ਜਗਾਉਂਦੇ ਹਨ।
ਯਾਦਵ ਨੇ ਕਿਹਾ, 'ਸਰਕਾਰ ਵਿਚ ਆਉਣ ਤੋਂ ਬਾਅਦ ਮੈਂ ਵੀ ਪਹਿਲੇ ਬਿਆਨ ਵਿਚ ਜ਼ੀਰੋ ਟਾਲਰੈਂਸ ਦੀ ਗੱਲ ਕਹੀ ਸੀ, ਅਸੀਂ ਵੀ ਭ੍ਰਿਸ਼ਟਾਚਾਰ ਦੇ ਵਿਰੁਧ ਹਾਂ, ਮੁੱਖ ਮੰਤਰੀ ਨੇ ਬੀਜੇਪੀ ਨਾਲ ਮਿਲ ਕੇ ਇਹ ਦੋਸ਼ ਲਾਏ ਅਤੇ ਇਹ ਖੇਡ ਖੇਡੀ।' ਤੇਜਸਵੀ ਨੇ ਪਨਾਮਾ ਲੀਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਨਾਮਾ ਕੇਸ ਵਿਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਦੇ ਬੇਟੇ ਦਾ ਨਾਮ ਹੈ, ਅਮਿਤਾਭ ਬਚਨ ਦਾ ਨਾਮ ਹੈ, ਅਡਾਨੀ ਦੇ ਵੱਡੇ ਭਰਾ ਦਾ ਨਾਮ ਹੈ, ਫਿਰ ਇਹ ਨਂੀਤੀ ਉਥੇ ਵੀ ਲਾਗੂ ਹੋਵੇਗੀ?
ਤੇਜਸਵੀ ਨੇ ਨਿਤੀਸ਼ ਕੁਮਾਰ ਨੂੰ ਸਵਾਲ ਕੀਤਾ ਕਿ ਕੀ ਉਹ ਪ੍ਰਧਾਨ ਮੰਤਰੀ ਮੋਦੀ ਕੋਲੋਂ ਇਸ ਦੀ ਜਾਂਚ ਦੀ ਮੰਗ ਕਰਨਗੇ। ਉਸ ਨੇ ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ 'ਤੇ ਵੀ ਸਵਾਲ ਕੀਤੇ ਅਤੇ ਕਿਹਾ ਕਿ 75 ਫ਼ੀ ਸਦੀ ਮੰਤਰੀ ਦਾਗ਼ੀ ਹਨ। ਉਸ ਨੇ ਕਿਹਾ, 'ਨਿਤੀਸ਼ ਕੁਮਾਰ ਜੀ ਅਪਣੀ ਸਹੂਲਤ ਨੂੰ ਵੇਖ ਕੇ ਅੰਤਰਆਤਮਾ ਜਗਾਉਂਦੇ ਹਨ, ਇਹ ਅੰਤਰਆਤਮਾ ਹੈ, ਕੁਰਸੀ ਆਤਮਾ ਹੈ, ਡਰ ਆਤਮਾ ਹੈ ਜਾਂ ਮੋਦੀ ਆਤਮਾ ਹੈ?' ਉਨ੍ਹਾਂ ਕਿਹਾ ਕਿ ਨਿਤੀਸ਼ ਨੂੰ ਨੌਜਵਾਨ ਅਤੇ ਈਮਾਨਦਾਰ ਡਿਪਟੀ ਮੁੱਖ ਮੰਤਰੀ ਨਾਲ ਬੈਠਣ 'ਚ ਦਿੱਕਤ ਹੋ ਰਹੀ ਸੀ ਪਰ ਸਾਡੇ ਜਿਹੇ ਹੀ ਦੋਸ਼ ਝੇਲ ਰਹੇ ਸੁਸ਼ੀਲ ਮੋਦੀ ਨਾਲ ਬੈਠਣ 'ਚ ਕੋਈ ਦਿੱਕਤ ਨਹੀਂ।
ਬਿਹਾਰ ਦੀ ਨਵੀਂ ਸਰਕਾਰ 'ਚ 75 ਫ਼ੀ ਸਦੀ ਤੋਂ ਵੱਧ ਮੰਤਰੀ ਦਾਗ਼ੀ ਹਨ। ਇਹ ਦਾਅਵਾ ਐਸੋਸੀਏਸ਼ਨ ਫ਼ਾਰ ਡੈਮੋਕਰੈਟਿਕ ਰਿਫ਼ਾਰਮਜ਼ (ਏਡੀਆਰ) ਨੇ ਅਪਣੀ ਰੀਪੋਰਟ ਵਿਚ ਕੀਤਾ ਹੈ। ਰੀਪੋਰਟ ਮੁਤਾਬਕ ਇਨ੍ਹਾਂ ਮੰਤਰੀਆਂ ਵਿਰੁਧ ਵੱਖ ਵੱਖ ਅਪਰਾਧਕ ਮਾਮਲੇ ਦਰਜ ਹਨ।
ਬਿਹਾਰ ਦੀ ਪਿਛਲੀ ਸਰਕਾਰ 'ਚ ਦਾਗ਼ੀ ਮੰਤਰੀਆਂ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਘੱਟ ਸੀ। ਰੀਪੋਰਟ ਮੁਤਾਬਕ ਰਾਜ ਵਿਚ ਜੇਡੀਯੂ-ਬੀਜੇਪੀ-ਐਲਜੇਪੀ ਦੀ ਮੌਜੂਦਾ ਸਰਕਾਰ ਦੇ 29 ਵਿਚੋਂ 22 ਮੰਤਰੀਆਂ ਵਿਰੁਧ ਅਪਰਾਧਕ ਮਾਮਲੇ ਦਰਜ ਹਨ ਜਦਕਿ ਪਿਛਲੀ ਸਰਕਾਰ 'ਚ 28 ਮੰਤਰੀਆਂ ਵਿਚੋਂ 19 ਮੰਤਰੀ ਦਾਗ਼ੀ ਸਨ। ਬਿਹਾਰ ਇਲੈਕਸ਼ਨ ਵਾਚ ਅਤੇ ਏਡੀਆਰ ਵਲੋਂ ਮੁੱਖ ਮੰਤਰੀ ਸਮੇਤ 29 ਮੰਤਰੀਆਂ ਦੇ ਚੋਣ ਹਲਫ਼ਨਾਮੇ ਦੇ ਵਿਸ਼ਲੇਸ਼ਣ ਮਗਰੋਂ ਇਹ ਰੀਪੋਰਟ ਤਿਆਰ ਕੀਤੀ ਗਈ ਹੈ। ਜਿਹੜੇ 22 ਮੰਤਰੀਆਂ ਵਿਰੁਧ ਅਪਰਾਧਕ ਮਾਮਲੇ ਐਲਾਨੇ ਗਏ ਹਨ, ਉਨ੍ਹਾਂ ਵਿਚੋਂ 9 ਵਿਰੁਧ ਗੰਭੀਰ ਅਪਰਾਧਕ ਮਾਮਲੇ ਦਰਜ ਹਨ।
ਨਵੀਂ ਸਰਕਾਰ ਦੇ 9 ਮੰਤਰੀਆਂ ਦੀ ਵਿਦਿਅਕ ਯੋਗਤਾ 8ਵੀਂ ਪਾਸ ਤੋਂ ਲੈ ਕੇ 12 ਵੀਂ ਪਾਸ ਤਕ ਹੈ ਜਦਕਿ 18 ਮੰਤਰੀ ਗ੍ਰੈਜੂਏਟ ਜਾਂ ਇਸ ਤੋਂ ਉੱਚੀ ਡਿਗਰੀ ਵਾਲੇ ਹਨ। ਰੀਪੋਰਟ ਮੁਤਾਬਕ ਪਿਛਲੀ ਕੈਬਨਿਟ ਵਿਚ ਦੋ ਔਰਤਾਂ ਸ਼ਾਮਲ ਸਨ ਜਦਕਿ ਨਵੀਂ ਕੈਬਨਿਟ ਵਿਚ ਸਿਰਫ਼ ਇਕ ਔਰਤ ਹੈ। ਨਵੀਂ ਕਰੋੜਪਤੀਆਂ ਦੀ ਗਿਣਤੀ ਘੱਟ ਕੇ 21 ਹੋ ਗਈ ਹੈ ਜਦਕਿ ਪਿਛਲੀ ਸਰਕਾਰ ਵਿਚ ਇਨ੍ਹਾਂ ਦੀ ਗਿਣਤੀ 22 ਸੀ। 29 ਮੰਤਰੀਆਂ ਦੀ ਔਸਤ ਸੰਪਤੀ 2.46 ਕਰੋੜ ਰੁਪਏ ਹੈ। (ਏਜੰਸੀ)