
ਜੇਕਰ ਵੋਟਰ ਨੂੰ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਉਹ 'ਨੋਟਾ' ਦੀ ਵਰਤੋਂ ਕਰ ਸਕਦਾ ਹੈ।
ਨਵੀਂ ਦਿੱਲੀ: ਚੋਣਾਂ ਦਾ ਮੌਸਮ ਆ ਗਿਆ ਹੈ। ਤੁਸੀਂ ਸਾਰਿਆਂ ਨੇ ਈਵੀਐਮ ਵਿਚ ਨੋਟਾ ਬਾਰੇ ਤਾਂ ਸੁਣਿਆ ਹੀ ਹੋਵੇਗਾ, ਜੇਕਰ ਵੋਟਰ ਨੂੰ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਉਹ 'ਨੋਟਾ' ਦੀ ਵਰਤੋਂ ਕਰ ਸਕਦਾ ਹੈ। ਨੋਟਾ ਦਾ ਮਤਲਬ ਹੈ ‘none of the above’ ਯਾਨੀ 'ਉਪਰਲਿਆਂ ਵਿਚੋਂ ਕੋਈ ਨਹੀਂ' ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਤੇ ਨੋਟਾ ਦਾ ਬਟਨ ਸਭ ਤੋਂ ਆਖ਼ਰੀ ਬਟਨ ਹੁੰਦਾ ਹੈ।
ਇਹ ਬਟਨ 2013 ਤੋਂ ਹੋਂਦ ਵਿਚ ਆਇਆ। ਇਸ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਰਿਜੈਕਟ ਕਰਨ ਲਈ ਵੱਖਰਾ ਫਾਰਮ ਭਰਨਾ ਪੈਂਦਾ ਸੀ, ਨੋਟਾ ਤੋਂ ਬਾਅਦ ਜਦੋਂ ਪਹਿਲੀ ਵਾਰ ਪੰਜ ਸੂਬਿਆਂ ਵਿਚ ਚੋਣਾਂ ਹੋਈਆਂ ਤਾਂ 17 ਲੱਖ ਤੋਂ ਵੱਧ ਲੋਕਾਂ ਨੇ ਨੋਟਾ ਦਾ ਬਟਨ ਦਬਾਇਆ। ਅਕਸਰ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉਠਦੇ ਹਨ ਕਿ ਜੇਕਰ ਨੋਟਾ ਨੂੰ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਪੈ ਜਾਣ ਤਾਂ ਕੀ ਹੁੰਦਾ ਹੈ? ਕੀ ਫਿਰ ਸਾਰੇ ਉਮੀਦਵਾਰਾਂ ਦੀ ਚੋਣ ਰੱਦ ਹੋ ਜਾਂਦੀ ਹੈ ਜਾਂ ਦੁਬਾਰਾ ਵੋਟਾਂ ਪੈਂਦੀਆਂ ਹਨ?
NOTA
ਉਂਝ ਇਹ ਹਾਲੇ ਤਕ ਕਿਤੇ ਹੋਇਆ ਤਾਂ ਨਹੀਂ ਪਰ ਜੇਕਰ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਿਸੇ ਸੀਟ 'ਤੇ ਨੋਟਾ ਨੂੰ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਪੈ ਜਾਣ ਤਾਂ ਵੀ ਨਤੀਜੇ ਨਹੀਂ ਬਦਲਦੇ, ਭਾਵ ਕਿ ਜਿਹੜਾ ਉਮੀਦਵਾਰ ਨੋਟਾ ਤੋਂ ਬਾਅਦ ਦੂਜੇ ਨੰਬਰ 'ਤੇ ਹੋਵੇਗਾ, ਉਸ ਨੂੰ ਹੀ ਜੇਤੂ ਮੰਨਿਆ ਜਾਵੇਗਾ। ਇਹ ਨੋਟਾ ਦੀ ਸਭ ਤੋਂ ਵੱਡੀ ਕਮਜ਼ੋਰੀ ਆਖੀ ਜਾ ਰਹੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਬਟਨ ਲਗਾਉਣ ਵੇਲੇ ਸਿਰਫ਼ ਇੰਨਾ ਕਿਹਾ ਸੀ ਕਿ ਨੋਟਾ ਦੀਆਂ ਵੋਟਾਂ ਵੇਖ ਕੇ ਪਾਰਟੀਆਂ ਚੰਗੇ ਉਮੀਦਵਾਰ ਖੜ੍ਹੇ ਕਰਨ ਲੱਗ ਜਾਣਗੀਆਂ, ਪਰ ਅਫ਼ਸੋਸ ਕਿ ਅਜਿਹਾ ਨਹੀਂ ਹੋ ਸਕਿਆ।
ਏਡੀਆਰ ਦੀ ਇਕ ਰਿਪੋਰਟ ਮੁਤਾਬਕ 187 ਸਾਂਸਦਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ਵਿਚੋਂ 113 ਸਾਂਸਦਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ 2004 ਵਿਚ ਇਹ ਗਿਣਤੀ 128 ਸੀ ਜਦਕਿ 2009 ਵਿਚ 162 ਹੋ ਗਈ।
NOTA
ਨੋਟਾ ਨੂੰ ਜ਼ਿਆਦਾ ਦਮਦਾਰ ਬਣਾਏ ਜਾਣ 'ਤੇ ਬਹਿਸ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨੋਟਾ ਨੂੰ ਜ਼ਿਆਦਾ ਵੋਟਾਂ ਪੈਣ 'ਤੇ ਚੋਣ ਰੱਦ ਹੋਣੀ ਚਾਹੀਦੀ ਹੈ। ਬਲਕਿ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਅਜਿਹੇ ਉਮੀਦਵਾਰਾਂ ਨੂੰ ਦੁਬਾਰਾ ਮੌਕਾ ਨਹੀਂ ਦੇਣਾ ਚਾਹੀਦਾ। ਸਾਲ 2018 ਵਿਚ ਮਹਾਰਾਸ਼ਟਰ ਦੀਆਂ ਸਥਾਨਕ ਚੋਣਾਂ ਵਿਚ ਨੋਟਾ ਦੀ ਤਾਕਤ ਵਧਾਈ ਗਈ ਸੀ ਕਿ ਜੇਕਰ ਨੋਟਾ ਜਿੱਤ ਗਿਆ ਤਾਂ ਮੁੜ ਵੋਟਾਂ ਪੈਣਗੀਆਂ, ਪਰ ਉਮੀਦਵਾਰਾਂ ਦੀ ਕਿਸਮਤ ਚੰਗੀ ਸੀ ਕਿ ਨੋਟਾ ਕਿਤੇ ਵੀ ਨਹੀਂ ਜਿੱਤਿਆ।
ਕੋਈ ਵੀ ਵੋਟਰ ਕਿਸੇ ਉਮੀਦਵਾਰ ਨੂੰ ਵੀ ਵੋਟ ਪਾ ਸਕਦਾ ਹੈ ਅਤੇ ਜੇ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਮਸ਼ੀਨ 'ਤੇ ਲੱਗਿਆ ਆਖ਼ਰੀ ਬਟਨ ਦਬਾ ਕੇ ਸਭ ਨੂੰ ਰੱਦ ਕਰਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੀ ਪੂਰੀ ਤਰ੍ਹਾਂ ਆਜ਼ਾਦ ਹੈ।