
ਉਹਨਾਂ ਨੇ ਕਮਰਸ਼ੀਅਲ ਵਾਹਨਾਂ 'ਤੇ ਸਮਾਜਿਕ ਜਾਗਰੂਕਤਾ ਅਤੇ ਵਾਤਾਵਰਣ ਬਚਾਉਣ ਵਾਲੇ ਸਲੋਗਨ ਲਿਖਣ ਸਬੰਧੀ ਨਿਯਮ ਬਣਾਉਣ ਦੀ ਮੰਗ ਕੀਤੀ।
ਨਵੀਂ ਦਿੱਲੀ: ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਵਿਚ ਵਾਤਾਵਰਨ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਹਨਾਂ ਨੇ ਕਮਰਸ਼ੀਅਲ ਵਾਹਨਾਂ 'ਤੇ ਸਮਾਜਿਕ ਜਾਗਰੂਕਤਾ ਅਤੇ ਵਾਤਾਵਰਣ ਬਚਾਉਣ ਵਾਲੇ ਸਲੋਗਨ ਲਿਖਣ ਸਬੰਧੀ ਨਿਯਮ ਬਣਾਉਣ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਇਸ ਵਿਚ ਸਰਕਾਰ ਦਾ ਕੋਈ ਪੈਸਾ ਨਹੀਂ ਲੱਗੇਗਾ। ਇਸ ਦੇ ਲਈ ਸੰਸਦ ਵਿਚ ਆਉਣ ਦੀ ਵੀ ਲੋੜ ਨਹੀਂ ਹੈ। ਸਿਰਫ਼ ਨਿਯਮ ਬਣਾਉਣਾ ਹੈ ਕਿ ਜਿੰਨੇ ਵੀ ਕਮਰਸ਼ੀਅਲ ਵਾਹਨ ਹਨ, ਇਹਨਾਂ ਨੂੰ ਤਾਂ ਹੀ ਪਾਸ ਕੀਤਾ ਜਾਵੇਗਾ ਜੇਕਰ ਇਹਨਾਂ ਉੱਤੇ ਸਮਾਜ ਨੂੰ ਜਾਗਰੂਕ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਸੁਨੇਹਾ ਲਿਖਿਆ ਹੋਵੇਗਾ। ਜਸਬੀਰ ਡਿੰਪਾ ਨੇ ਕਿਹਾ ਕਿ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਧਰਤੀ, ਹਵਾ, ਪਾਣੀ ਅਤੇ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਛੋਟੀ ਗੱਲ ਹੈ ਪਰ ਇਸ ਦਾ ਪ੍ਰਭਾਵ ਬਹੁਤ ਡੂੰਘਾ ਹੈ। ਇਸ ਲਈ ਸਾਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮਗਰੋਂ ਉਹਨਾਂ ਨੇ ਲਗਾਤਾਰ ਦਰੱਖ਼ਤਾਂ ਦੀ ਹੋ ਰਹੀ ਕਟਾਈ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ’ਚ ਟੈਂਡਰ ਦੇ ਹਿਸਾਬ ਨਾਲ ਚਾਰੇ ਪਾਸੇ ਦਰਖ਼ਤਾਂ ਨੂੰ ਵੱਢਿਆ ਜਾ ਰਿਹਾ ਹੈ, ਜੋ ਵਾਤਾਵਰਨ ਲਈ ਸਹੀ ਨਹੀਂ ਹੈ।