
ਯੂਪੀ, ਬਿਹਾਰ ਅਤੇ ਝਾਰਖੰਡ ਵਿਚ ਵਿਰੋਧੀ ਧਿਰਾਂ ਦੇ ਮਹਾਗਠਜੋੜ ਨੇ ਭਾਜਪਾ ਨੂੰ ਕਰਾਰੀ ਮਾਤ ਦਿਤੀ ਹੈ। ਚਾਰ ਲੋਕ ਸਭਾ ਸੀਟਾਂ ਵਿਚੋਂ ਸੱਤਾਧਾਰੀ ਭਾਜਪਾ ਨੂੰ ਸਿਰਫ਼....
ਨਵੀਂ ਦਿੱਲੀ : ਯੂਪੀ, ਬਿਹਾਰ ਅਤੇ ਝਾਰਖੰਡ ਵਿਚ ਵਿਰੋਧੀ ਧਿਰਾਂ ਦੇ ਮਹਾਗਠਜੋੜ ਨੇ ਭਾਜਪਾ ਨੂੰ ਕਰਾਰੀ ਮਾਤ ਦਿਤੀ ਹੈ। ਚਾਰ ਲੋਕ ਸਭਾ ਸੀਟਾਂ ਵਿਚੋਂ ਸੱਤਾਧਾਰੀ ਭਾਜਪਾ ਨੂੰ ਸਿਰਫ਼ ਇਕ ਅਤੇ 11 ਵਿਧਾਨ ਸਭਾ ਸੀਟਾਂ ਵਿਚੋਂ ਵੀ ਸਿਰਫ਼ ਇਕ ਸੀਟ ਮਿਲੀ ਹੈ। ਮਹਾਰਾਸ਼ਟਰ ਦੀ ਇਕ ਸੀਟ 'ਤੇ ਭਾਜਪਾ ਦੇ ਉਮੀਦਵਾਰ ਨੇ ਕਾਗ਼ਜ਼ ਵਾਪਸ ਲੈ ਲਏ ਸਨ ਜਿਥੋਂ ਕਾਂਗਰਸ ਉਮੀਦਵਾਰ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ।
ਕੇਂਦਰ ਵਿਚ ਸੱਤਾਧਿਰ ਭਾਜਪਾ ਨੂੰ ਕਰਾਰਾ ਝਟਕਾ ਦਿੰਦਿਆਂ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ 14 ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿਚ 11 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਦਕਿ ਭਗਵਾਂ ਪਾਰਟੀ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਨੂੰ ਸਿਰਫ਼ ਤਿੰਨ ਸੀਟਾਂ ਤਕ ਸੀਮਤ ਕਰ ਦਿਤਾ ਗਿਆ। ਵਿਰੋਧੀ ਧਿਰ ਦੀ ਇਕਜੁਟਤਾ ਕਾਰਨ ਭਾਜਪਾ ਨੇ ਯੂਪੀ ਦੀ ਚਰਚਿਤ ਲੋਕ ਸਭਾ ਸੀਟ ਨੂੰ ਵੀ ਗਵਾ ਦਿਤਾ।
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਅੱਜ ਦੇ ਨਤੀਜਿਆਂ ਨੇ ਵਿਖਾ ਦਿਤਾ ਹੈ ਕਿ 11 ਰਾਜਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਦੀ ਲੋਕਪ੍ਰਿਯਤਾ ਘਟ ਗਈ ਹੈ। ਉਧਰ, ਭਾਜਪਾ ਨੇ ਕਿਹਾ ਕਿ ਪੀਐਮ ਯਾਨੀ ਪਰਫ਼ਾਰਮੈਂਸ ਅਤੇ ਮਿਹਨਤ ਅਗਲੀਆਂ ਚੋਣਾਂ ਦਾ ਫ਼ੈਸਲਾ ਕਰਨਗੇ।
ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਅਤੇ ਨੂਰਪੁਰ ਵਿਧਾਨ ਸਭਾ ਸੀਟ 'ਤੇ ਅਖਿਲੇਸ਼-ਮਾਇਆਵਤੀ-ਅਜੀਤ ਚੌਧਰੀ ਦੀ ਤਿਕੜੀ ਮੋਦੀ ਅਤੇ ਯੋਗੀ 'ਤੇ ਹਾਵੀ ਰਹੀ ਹੈ। ਕੈਰਾਨਾ ਦੀ ਸੀਟ ਜਿਹੜਾ ਪਹਿਲਾਂ ਭਾਜਪਾ ਕੋਲ ਸੀ, ਲੋਕ ਦਲ ਦੀ ਉਮੀਦਵਾਰ ਤਬੱਸੁਮ ਹਸਨ ਨੇ ਜਿੱਤ ਲਈ। ਉਧਰ, ਨੂਰਪੁਰ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨਈਮੁਲ ਹਸਨ ਨੇ ਭਾਜਪਾ ਉਮੀਦਵਾਰ ਅਵਨੀ ਸਿੰਘ ਨੂੰ ਹਰਾ ਦਿਤਾ। ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨੇ ਜੇਡੀਯੂ-ਭਾਜਪਾ ਗਠਜੋੜ ਕੋਲੋਂ ਜੋਕੀਹਾਟ ਵਿਧਾਨ ਸਭਾ ਸੀਟ ਖੋਹ ਲਈ।
ਝਾਰਖੰਡ ਵਿਚ ਵਿਰੋਧੀ ਧਿਰਾਂ ਦੀ ਇਕਜੁਟਤਾ ਅੱਗੇ ਭਾਜਪਾ ਦੀ ਇਕ ਨਾ ਚੱਲੀ ਅਤੇ ਉਹ ਝਾਰਖੰਡ ਮੁਕਤੀ ਮੋਰਚੇ ਤੋਂ ਸਿੱਲੀ ਅਤੇ ਗੋਮੀਆ ਵਿਧਾਨ ਸਭਾ ਸੀਟਾਂ ਖੋਹਣ ਵਿਚ ਨਾਕਾਮ ਰਹੀ। ਕਰਨਾਟਕ ਦੀ ਰਾਜ ਰਾਜੇਸ਼ਵਰੀ ਨਗਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਅਪਣਾ ਕਬਜ਼ਾ ਕਾਇਮ ਰਖਿਆ ਹੈ। ਮਹਾਰਾਸ਼ਟਰ ਦੀ ਪਾਲਘਰ ਲੋਕ ਸਭਾ ਸੀਟ ਭਾਜਪਾ ਨੇ 29,572 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ।
ਇਥੇ ਕਾਂਗਰਸ ਉਮੀਦਵਾਰ ਦਾਮੋਦਰ ਸਿੰਗੜਾ ਨੂੰ ਅਪਣੀ ਜ਼ਮਾਲਤ ਗਵਾਉਣੀ ਪਈ ਕਿਉਂਕਿ ਉਹ ਕੁਲ ਪਈਆਂ ਵੋਟਾਂ ਦਾ ਛੇ ਫ਼ੀ ਸਦੀ ਵੀ ਹਾਸਲ ਨਹੀਂ ਕਰ ਸਕਿਆ। ਭਾਜਪਾ ਉਮੀਦਵਾਰ ਰਾਜਿੰਦਰ ਗਾਵਿਤ ਨੂੰ 2,72,782 ਵੋਟਾਂ ਪਈਆਂ। ਸ਼ਿਵ ਸੈਨਾ ਉਮੀਦਵਾਰ ਨੂੰ 243,210 ਵੋਟਾਂ ਪਈਆਂ। ਉਧਰ, ਮਹਾਰਾਸ਼ਟਰ ਦੀ ਭੰਡਾਰਾ-ਗੋਂਦੀਆ ਲੋਕ ਸਭਾ ਸੀਟ 'ਤੇ ਐਨਸੀਪੀ ਨੇ ਜਿੱਤ ਹਾਸਲ ਕੀਤੀ ਹੈ।
ਪੰਜਾਬ ਦੀ ਸ਼ਾਹਕੋਟ ਵਿਧਾਨ ਸਭਾ ਸੀਟ ਕਾਂਗਰਸ ਨੇ ਅਕਾਲੀ ਦਲ ਕੋਲੋਂ ਖੋਹ ਲਈ ਜਦਕਿ ਪਛਮੀ ਬੰਗਾਲ ਦੀ ਮੇਹੇਸ਼ਤਲਾ ਸੀਟ 'ਤੇ ਤ੍ਰਿਣਮੂਲ ਨੇ ਅਪਣਾ ਕਬਜ਼ਾ ਕਾਇਮ ਰਖਿਆ। ਕੇਰਲਾ ਦੀ ਚੇਂਗਾਨੂਰ ਵਿਧਾਨ ਸਭਾ ਸੀਟ ਸੀਪੀਐਮ ਨੇ ਜਿੱਤ ਲਈ ਅਤੇ ਮਹਾਰਾਸ਼ਟਰ ਦੀ ਪਲੂਸ ਕੜੇਗਾਂਵ ਸੀਟ ਕਾਂਗਰਸ ਨੇ ਜਿੱਤ ਲਈ।
ਭਾਜਪਾ ਨੂੰ ਉਤਰਾਖੰਡ ਵਿਚ ਥੋੜੀ ਰਾਹਤ ਮਿਲੀ ਜਦ ਭਾਜਪਾ ਉਮੀਦਵਾਰ ਮੁੰਨੀ ਦੇਵੀ ਸ਼ਾਹ ਨੇ ਥਰਾਲੀ ਵਿਧਾਨ ਸਭਾ ਸੀਟ ਤੋਂ ਅਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਜੀਤਰਾਮ ਸ਼ਾਹ ਨੂੰ 1981 ਵੋਟਾਂ ਨਾਲ ਹਰਾ ਕੇ ਪਾਰਟੀ ਦਾ ਕਬਜ਼ਾ ਬਰਕਰਾਰ ਰਖਿਆ।
ਭਾਜਪਾ ਉਮੀਦਵਾਰ ਨੂੰ 25737 ਵੋਟਾਂ ਪਈਆਂ। 70 ਮੈਂਬਰੀ ਵਿਧਾਨ ਸਭਾ ਵਿਚ ਸੱਤਾਧਾਰੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਇਕ ਵਾਰ ਫਿਰ 57 ਹੋ ਗਈ ਹੈ।
ਮਹਾਰਾਸ਼ਟਰ ਦੀ ਪਾਲਘਰ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਦੇ ਰਾਜਿੰਦਰ ਗਾਵਿਤ ਨੇ ਸ਼ਿਵ ਸੈਨਾ ਦੇ ਸ੍ਰੀਨਿਵਾਸ ਵਨਗਾ ਨੂੰ 29,574 ਵੋਟਾਂ ਨਾਲ ਹਰਾ ਦਿਤਾ। ਵੋਟਾਂ ਦੀ 33 ਦੌਰ ਦੀ ਗਿਣਤੀ ਮਗਰੋਂ ਨਤੀਜਾ ਐਲਾਨਿਆ ਗਿਆ। ਗਾਵਿਤ ਨੂੰ 2,72,780 ਵੋਟਾਂ ਮਿਲੀਆਂ ਜਦਕਿ ਵਨਗਾ ਨੂੰ 2,43,206 ਵੋਟਾਂ ਮਿਲੀਆਂ। ਭਾਜਪਾ ਸੰਸਦ ਮੈਂਬਰ ਦੇ ਦਿਹਾਂਤ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ।
ਪਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਮਹੇਸ਼ਤਾਲਾ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਅਪਣੀ ਕਰੀਬੀ ਵਿਰੋਧੀ ਭਾਜਪਾ ਨੂੰ 62,831 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਤ੍ਰਿਣਮੂਲ ਉਮੀਦਵਾਰ ਦੁਲਾਲ ਦਾਸ ਨੂੰ 104,818 ਵੋਟਾਂ ਜਦਕਿ ਭਾਜਪਾ ਦੇ ਸੁਜੀਤ ਘੋਸ਼ ਨੂੰ 41,987 ਵੋਟਾਂ ਮਿਲੀਆਂ। ਖੱਬੇਪੱਖੀ ਉਮੀਦਵਾਰ ਪ੍ਰਭਾਤ ਚੌਧਰੀ ਜਿਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਹਾਸਲ ਸੀ, ਨੂੰ 30,316 ਵੋਟਾਂ ਮਿਲੀਆਂ। ਤ੍ਰਿਣਮੂਲ ਕਾਗਰਸ ਦੇ ਵਿਧਾਇਕ ਕਸਤੂਰੀ ਦਾਸ ਦੇ ਦਿਹਾਂਤ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ। 294 ਮੈਂਬਰੀ ਵਿਧਾਨ ਸਪਾ ਵਿਚ ਤ੍ਰਿਣਮੂਲ ਦੇ 215 ਵਿਧਾਇਕ ਹਨ। (ਏਜੰਸੀ)