
ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਟਰੇਨ 'ਚ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਹੁਣ ਟਰੇਨ 'ਚ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਜਾਣਾ ਰੇਲ ਯਾਤਰੀਆਂ ਨੂੰ ਮਹਿੰਗਾ ਪੈ ਸਕਦਾ ਹੈ। ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਜ਼ਿਆਦਾ ਸਾਮਾਨ ਲਿਜਾਣਾ ਹੈ ਤਾਂ ਪਾਰਸਲ ਆਫਿਸ ਤੋਂ ਲਗੇਜ ਬੁੱਕ ਕਰਵਾ ਲਓ। ਨਿਰਧਾਰਿਤ ਸੀਮਾ ਤੋਂ ਵੱਧ ਸਾਮਾਨ ਲਿਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ ਦੇਸ਼ 'ਚ ਲੰਬੀ ਦੂਰੀ ਦੀ ਯਾਤਰਾ ਲਈ ਰੇਲਵੇ ਹਮੇਸ਼ਾ ਲੋਕਾਂ ਦੀ ਖਾਸ ਪਸੰਦ ਰਿਹਾ ਹੈ, ਕਿਉਂਕਿ ਯਾਤਰੀ ਫਲਾਈਟ ਦੇ ਮੁਕਾਬਲੇ ਟਰੇਨ 'ਚ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਸਫਰ ਕਰ ਸਕਦੇ ਹਨ।
ਭਾਵੇਂ ਰੇਲਗੱਡੀ ਰਾਹੀਂ ਸਫ਼ਰ ਦੌਰਾਨ ਸਾਮਾਨ ਲੈ ਕੇ ਜਾਣ ਦੀ ਸੀਮਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਕਈ ਯਾਤਰੀ ਬਹੁਤ ਜ਼ਿਆਦਾ ਸਾਮਾਨ ਲੈ ਕੇ ਟਰੇਨ 'ਚ ਸਫ਼ਰ ਕਰਦੇ ਹਨ, ਜਿਸ ਕਾਰਨ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਇਸ ਦੇ ਚਲਦਿਆਂ ਰੇਲਵੇ ਨੇ ਅਜਿਹੇ ਯਾਤਰੀਆਂ ਲਈ ਪਾਬੰਦੀਆਂ ਲਗਾਉਣ ਦੀ ਸਿਫ਼ਾਰਸ਼ ਕੀਤੀ ਹੈ | ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲਾ ਨੇ ਕਿਹਾ, “ਸਾਮਾਨ ਜ਼ਿਆਦਾ ਹੋਵੇਗਾ ਤਾਂ ਸਫਰ ਦਾ ਮਜ਼ਾ ਅੱਧਾ ਰਹਿ ਜਾਵੇਗਾ! ਜ਼ਿਆਦਾ ਸਾਮਾਨ ਲੈ ਕੇ ਰੇਲ ਗੱਡੀ ਰਾਹੀਂ ਸਫ਼ਰ ਨਾ ਕਰੋ। ਜ਼ਿਆਦਾ ਸਾਮਾਨ ਦੀ ਸਥਿਤੀ ਵਿਚ ਪਾਰਸਲ ਦਫ਼ਤਰ ਵਿਚ ਜਾਓ ਅਤੇ ਲਗੇਜ ਬੁੱਕ ਕਰੋ”।
ਰੇਲਵੇ ਦੇ ਨਿਯਮਾਂ ਮੁਤਾਬਕ ਯਾਤਰੀ ਰੇਲਗੱਡੀ ਦੇ ਸਫ਼ਰ ਦੌਰਾਨ ਸਿਰਫ਼ 40 ਤੋਂ 70 ਕਿਲੋਗ੍ਰਾਮ ਦਾ ਸਾਮਾਨ ਹੀ ਲਿਜਾ ਸਕਦੇ ਹਨ। ਜੇਕਰ ਕੋਈ ਇਸ ਤੋਂ ਵੱਧ ਸਾਮਾਨ ਲੈ ਕੇ ਸਫ਼ਰ ਕਰਦਾ ਹੈ ਤਾਂ ਉਸ ਨੂੰ ਵੱਖਰਾ ਕਿਰਾਇਆ ਦੇਣਾ ਪਵੇਗਾ। ਦਰਅਸਲ ਰੇਲਵੇ ਦੇ ਡੱਬੇ ਦੇ ਹਿਸਾਬ ਨਾਲ ਸਾਮਾਨ ਦਾ ਵਜ਼ਨ ਵੱਖਰਾ ਹੁੰਦਾ ਹੈ। ਰੇਲਵੇ ਮੁਤਾਬਕ ਸਲੀਪਰ ਕਲਾਸ 'ਚ ਯਾਤਰੀ 40 ਕਿਲੋ ਤੱਕ ਦਾ ਸਾਮਾਨ ਲੈ ਜਾ ਸਕਦੇ ਹਨ। ਇਸ ਦੇ ਨਾਲ ਹੀ AC-ਟੀਅਰ ਤੱਕ 50 ਕਿਲੋਗ੍ਰਾਮ ਸਾਮਾਨ ਲਿਜਾਣ ਦੀ ਛੋਟ ਹੈ। ਜਦਕਿ ਫਸਟ ਕਲਾਸ ਏਸੀ ਵਿਚ ਯਾਤਰੀ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲੈ ਜਾ ਸਕਦੇ ਹਨ।
ਦੱਸ ਦੇਈਏ ਕਿ ਨਿਰਧਾਰਿਤ ਸੀਮਾ ਤੋਂ ਜ਼ਿਆਦਾ ਸਾਮਾਨ ਦੀ ਸਥਿਤੀ 'ਚ ਰੇਲਵੇ ਯਾਤਰੀਆਂ ਤੋਂ ਵਾਧੂ ਚਾਰਜ ਵਸੂਲ ਸਕਦਾ ਹੈ। ਇਸ ਦੇ ਨਾਲ ਹੀ ਸਟਾਪ, ਗੈਸ ਸਿਲੰਡਰ, ਕਿਸੇ ਵੀ ਤਰ੍ਹਾਂ ਦਾ ਜਲਣਸ਼ੀਲ ਰਸਾਇਣ, ਪਟਾਕੇ, ਤੇਜ਼ਾਬ, ਬਦਬੂਦਾਰ ਵਸਤੂਆਂ, ਚਮੜਾ, ਤੇਲ, ਗਰੀਸ, ਘਿਓ, ਪੈਕੇਜਾਂ ਵਿਚ ਲਿਆਂਦੀਆਂ ਅਜਿਹੀਆਂ ਵਸਤੂਆਂ ਜਿਨ੍ਹਾਂ ਦੇ ਟੁੱਟਣ ਜਾਂ ਟਪਕਣ ਨਾਲ ਵਸਤੂਆਂ ਜਾਂ ਯਾਤਰੀਆਂ ਨੂੰ ਨੁਕਸਾਨ ਹੋ ਸਕਦਾ ਹੈ, ਲਿਜਾਣ ਦੀ ਮਨਜ਼ੂਰੀ ਨਹੀਂ। ਰੇਲ ਯਾਤਰਾ ਦੌਰਾਨ ਵਰਜਿਤ ਵਸਤੂਆਂ ਨੂੰ ਲਿਜਾਣਾ ਵੀ ਅਪਰਾਧ ਹੈ। ਜੇਕਰ ਯਾਤਰੀ ਸਫ਼ਰ ਦੌਰਾਨ ਇਹਨਾਂ ਪਾਬੰਦੀਸ਼ੁਦਾ ਵਸਤੂਆਂ ਵਿਚ ਕਿਸੇ ਕਿਸਮ ਦੀ ਕੋਈ ਚੀਜ਼ ਲੈ ਕੇ ਜਾਂਦੇ ਹਨ ਤਾਂ ਰੇਲਵੇ ਐਕਟ ਦੀ ਧਾਰਾ 164 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।