
ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਪੁੱਛਿਆ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ ਦੀਵਾਲੀ
ਨਵੀਂ ਦਿੱਲੀ : ਦੇਸ਼ ਭਰ ’ਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਥੇ ਹੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਆਪਣੇ ਹੀ ਅੰਦਾਜ਼ ਵਿਚ ਦੀਵਾਲੀ ਮਨਾਈ ਗਈ। ਰਾਹੁਲ ਗਾਂਧੀ ਇਸ ਵਾਰ ਦੀਵਾਲੀ ਮੌਕੇ ਪੁਰਾਣੀ ਦਿੱਲੀ ਪਹੁੰਚੇ, ਇਥੇ ਉਨ੍ਹਾਂ ਮਸ਼ਹੂਰ ਅਤੇ ਇਤਿਹਾਸਕ ਘੰਟੇਵਾਲਾ ਸਵੀਟ ਸ਼ੌਪ ’ਤੇ ਵੇਸਣ ਦੇ ਲੱਡੂ ਅਤੇ ਇਮਰਤੀ ਬਣਾਉਣ ਲਈ ਹੱਥ ਅਜਮਾਇਆ।
ਇਸ ਦੌਰਾਨ ਰਾਹੁਲ ਨੇ ਘੰਟੇਵਾਲਾ ਦੁਕਾਨ ’ਤੇ ਮਠਿਆਈ ਬਣਨ ਦੀ ਪੂਰੀ ਪ੍ਰਕਿਰਿਆ ਦੇਖੀ। ਉਨ੍ਹਾਂ ਇਮਰਤੀ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਸਬੰਧੀ ਸਵਾਲ ਵੀ ਪੁੱਛਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਆਪਣੀ ਦੀਵਾਲੀ ਕਿਸ ਤਰ੍ਹਾਂ ਮਨਾ ਰਹੇ ਹੋ ਅਤੇ ਉਸ ਨੂੰ ਕਿਸ ਤਰ੍ਹਾਂ ਖਾਸ ਬਣਾ ਰਹੇ ਹੋ।
ਰਾਹੁਲ ਗਾਂਧੀ ਨੇ ਸ਼ੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਲਿਖਿਆ ਕਿ ਪੁਰਾਣੀ ਦਿੱਲੀ ਦੀ ਮਸ਼ਹੂਰ ਅਤੇ ਇਤਿਹਾਸਕ ਘੰਟੇਵਾਲਾ ਮਠਿਆਈਆਂ ਦੀ ਦੁਕਾਨ ’ਤੇ ਇਮਰਤੀ ਅਤੇ ਵੇਸਣ ਦੇ ਲੱਡੂ ਬਣਾਉਣ ’ਚ ਹੱਥ ਅਜਮਾਇਆ। ਸਦੀਆਂ ਪੁਰਾਣੀ ਇਸ ਦੁਕਾਨ ਦੀ ਮਿਠਾਸ ਅੱਜ ਵੀ ਉਹੀ ਹੈ, ਸ਼ੁੱਧ ਅਤੇ ਦਿਲ ਨੂੰ ਛੂ ਲੈਣ ਵਾਲੀ।