
ਮਿਰਜ਼ਾਪੁਰ ’ਚ ਬੁਖਾਰ ਦੀ ਸ਼ਿਕਾਇਤ ’ਤੇ 13 ਪੋਲਿੰਗ ਮੁਲਾਜ਼ਮਾਂ ਦੀ ਮੌਤ, 23 ਹੋਰ ਜ਼ਖ਼ਮੀ : ਮੈਡੀਕਲ ਕਾਲਜ ਦੇ ਪ੍ਰਿੰਸੀਪਲ
ਮਿਰਜ਼ਾਪੁਰ: ਮਿਰਜ਼ਾਪੁਰ ’ਚ ਲੋਕ ਸਭਾ ਚੋਣ ਲਈ ਡਿਊਟੀ ’ਤੇ ਤਾਇਨਾਤ 13 ਪੋਲਿੰਗ ਮੁਲਾਜ਼ਮਾਂ ਦੀ ਤੇਜ਼ ਬੁਖਾਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਸ਼ੁਕਰਵਾਰ ਨੂੰ ਇੱਥੇ ਇਕ ਮੈਡੀਕਲ ਕਾਲਜ ’ਚ ਮੌਤ ਹੋ ਗਈ ਜਦਕਿ 23 ਹੋਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇੱਥੇ ਸਥਿਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਜਵਾਨਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਮਿਰਜ਼ਾਪੁਰ ਦੇ ਮਾਂ ਵਿੰਧਿਆਵਾਸਿਨੀ ਆਟੋਨੋਮਸ ਸਟੇਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜ ਬਹਾਦੁਰ ਕਮਲ ਨੇ ਦਸਿਆ ਕਿ ਮ੍ਰਿਤਕਾਂ ’ਚ ਹੋਮਗਾਰਡ ਦੇ ਸੱਤ ਕਰਮਚਾਰੀ, ਤਿੰਨ ਸਫਾਈ ਕਰਮਚਾਰੀ, ਸੀ.ਐਮ.ਓ. ਦਫ਼ਤਰ ’ਚ ਤਾਇਨਾਤ ਇਕ ਕਲਰਕ, ਇਕ ਏਕੀਕਰਨ ਅਧਿਕਾਰੀ ਅਤੇ ਹੋਮਗਾਰਡ ਟੀਮ ਦਾ ਇਕ ਚਪੜਾਸੀ ਸ਼ਾਮਲ ਹੈ।
ਉਨ੍ਹਾਂ ਦਸਿਆ ਕਿ ਜਦੋਂ ਇਨ੍ਹਾਂ ਮਰੀਜ਼ਾਂ ਨੂੰ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਤੇਜ਼ ਬੁਖਾਰ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਧਣ ਦੀ ਸ਼ਿਕਾਇਤ ਕੀਤੀ।
ਡਾ. ਕਮਲ ਨੇ ਕਿਹਾ, ‘‘13 ਪੀੜਤਾਂ ਵਿਚੋਂ ਚਾਰ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਇਨ੍ਹਾਂ ਚਾਰਾਂ ਵਿਚੋਂ ਦੋ ਹੋਮ ਗਾਰਡ ਦੇ ਜਵਾਨ ਸਨ। ਮਰਨ ਵਾਲੇ ਹੋਮ ਗਾਰਡ ਦੇ ਕੁਲ ਸੱਤ ਜਵਾਨਾਂ ਵਿਚੋਂ ਪੰਜ ਦੀ 20-25 ਮਿੰਟ ਦੇ ਅੰਦਰ ਹਸਪਤਾਲ ਲਿਆਂਦੇ ਜਾਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਹੋਮ ਗਾਰਡਾਂ ਦੀ ਉਮਰ 50-55 ਸਾਲ ਦੇ ਵਿਚਕਾਰ ਸੀ।’’
ਉਨ੍ਹਾਂ ਕਿਹਾ ਕਿ ਇਸ ਸਮੇਂ 23 ਪੋਲਿੰਗ ਕਰਮਚਾਰੀ ਹਸਪਤਾਲ ’ਚ ਦਾਖਲ ਹਨ, ਜਿਨ੍ਹਾਂ ’ਚ ਪੀ.ਏ.ਸੀ. ਦਾ ਇਕ ਜਵਾਨ, ਫਾਇਰ ਸਰਵਿਸ ਦਾ ਇਕ ਜਵਾਨ ਅਤੇ ਇਕ ਪੁਲਿਸ ਮੁਲਾਜ਼ਮ ਸ਼ਾਮਲ ਹੈ।
ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰੇ ਮਰੀਜ਼ਾਂ ਨੂੰ ਤੇਜ਼ ਬੁਖਾਰ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਸ਼ੂਗਰ ਸੀ। ਲਗਭਗ ਸਾਰਿਆਂ ’ਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਵੱਧ ਸੀ। ਜ਼ਿਆਦਾਤਰ ਹੋਮ ਗਾਰਡ ਇਕ ਤੋਂ ਵੱਧ ਬਿਮਾਰੀਆਂ ਦੇ ਸ਼ਿਕਾਰ ਸਨ। ਪ੍ਰਿੰਸੀਪਲ ਮੁਤਾਬਕ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰੀਪੋਰਟ ’ਚ ਲੱਗੇਗਾ।’’
ਮਿਰਜ਼ਾਪੁਰ ਦੇ ਪੁਲਿਸ ਸੁਪਰਡੈਂਟ ਅਭਿਨੰਦਨ ਨੇ ‘ਐਕਸ’ ’ਤੇ ਅਪਣੇ ਵੀਡੀਉ ਸੰਦੇਸ਼ ’ਚ ਕਿਹਾ, ‘‘ਮਿਰਜ਼ਾਪੁਰ ਜ਼ਿਲ੍ਹੇ ’ਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ਪੋਲਿੰਗ ਮੁਲਾਜ਼ਮਾਂ ਨੂੰ ਅੱਜ ਭੇਜਿਆ ਗਿਆ। ਇਸ ਦੌਰਾਨ 6 ਹੋਮਗਾਰਡਾਂ ਦੀ ਦੁਖਦਾਈ ਮੌਤ ਹੋ ਗਈ। ਇਨ੍ਹਾਂ ’ਚੋਂ ਦੋ ਹੋਮਗਾਰਡ ਦੋ ਜ਼ਿਲ੍ਹਿਆਂ ਗੋਂਡਾ ਦੇ ਵਸਨੀਕ ਸਨ, ਜਦਕਿ ਇਕ-ਇਕ ਹੋਮਗਾਰਡ ਪ੍ਰਯਾਗਰਾਜ, ਬਸਤੀ, ਕੌਸ਼ੰਬੀ ਅਤੇ ਮਿਰਜ਼ਾਪੁਰ ਦਾ ਵਸਨੀਕ ਸੀ।’’
ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ 7 ਚੋਣ ਮੁਲਾਜ਼ਮਾਂ ਦੀ ਮੌਤ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਿੰਦੀ ’ਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮਿਰਜ਼ਾਪੁਰ ’ਚ 7 ਪੋਲਿੰਗ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਸਰਕਾਰ ਨੇ ਅਪਣੀ ਚੁੱਪੀ ਤੋੜੇ ਅਤੇ ਕੁਪ੍ਰਬੰਧਨ ਕਾਰਨ ਉਜਾੜੇ ਗਏ ਪਰਵਾਰਾਂ ਨੂੰ ਭਾਵਨਾਤਮਕ ਰਾਹਤ ਪ੍ਰਦਾਨ ਕਰਨ ਲਈ ਅੱਗੇ ਆਈ।’’
ਉਨ੍ਹਾਂ ਕਿਹਾ, ‘‘ਸਰਕਾਰ ਨੂੰ ਤੁਰਤ ਪੰਜ ਹੋਮਗਾਰਡਾਂ, ਸੀ.ਐਮ.ਓ. ਦਫ਼ਤਰ ਦੇ ਇਕ ਕਲਰਕ ਅਤੇ ਇਕ ਸਫਾਈ ਕਰਮਚਾਰੀ ਦੇ ਪਰਵਾਰਾਂ ਲਈ 5-5 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਗਰਮੀ ਕਾਰਨ ਬਿਮਾਰ ਹੋਏ ਹੋਰ ਸਾਰੇ ਮੁਲਾਜ਼ਮਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ।’’
ਯਾਦਵ ਨੇ ਦੋਸ਼ ਲਾਇਆ ਕਿ ਇਸ ਸਰਕਾਰ ’ਚ ਮੁਲਾਜ਼ਮਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਮਿਲ ਰਿਹਾ ਹੈ।
ਯਾਦਵ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਬੇਲੋੜੇ ਕੰਮਾਂ ’ਚ ਲਗਾ ਕੇ ਤਣਾਅਪੂਰਨ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਿਰਜ਼ਾਪੁਰ ’ਚ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ।
ਬਿਹਾਰ ’ਚ ਭਿਆਨਕ ਗਰਮੀ ਕਾਰਨ 10 ਪੋਲਿੰਗ ਮੁਲਾਜ਼ਮਾਂ ਸਮੇਤ 14 ਲੋਕਾਂ ਦੀ ਮੌਤ
ਪਟਨਾ: ਬਿਹਾਰ ’ਚ ਪਿਛਲੇ 24 ਘੰਟਿਆਂ ’ਚ ਲੂ ਕਾਰਨ 10 ਪੋਲਿੰਗ ਮੁਲਾਜ਼ਮਾਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਆਫ਼ਤ ਪ੍ਰਬੰਧਨ ਵਿਭਾਗ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮੌਤਾਂ ਭੋਜਪੁਰ ’ਚ ਹੋਈਆਂ, ਜਿੱਥੇ ਚੋਣ ਡਿਊਟੀ ’ਤੇ ਤਾਇਨਾਤ ਪੰਜ ਅਧਿਕਾਰੀਆਂ ਦੀ ਮੌਤ ਸੂਰਜ ਦਾ ਦੌਰਾ ਪੈਣ ਕਾਰਨ ਹੋਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਰੋਹਤਾਸ ਵਿਚ ਤਿੰਨ ਚੋਣ ਅਧਿਕਾਰੀ ਮਾਰੇ ਗਏ, ਜਦਕਿ ਕੈਮੂਰ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਕਈ ਥਾਵਾਂ ’ਤੇ ਪਾਰਾ 43 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰਨ ਕਾਰਨ ਸੂਬਾ ਭਿਆਨਕ ਗਰਮੀ ਦੀ ਲਪੇਟ ’ਚ ਹੈ। ਸ਼ੁਕਰਵਾਰ ਨੂੰ ਔਰੰਗਾਬਾਦ ਸੱਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਗਰਮੀ ਕਾਰਨ ਸਾਰੇ ਸਕੂਲ, ਕੋਚਿੰਗ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰ 8 ਜੂਨ ਤਕ ਬੰਦ ਕਰ ਦਿਤੇ ਗਏ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਅ ਕਰਨ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਕੁਮਾਰ ਨੇ ਹੁਕਮ ਦਿਤੇ ਕਿ ਸੂਬੇ ਭਰ ’ਚ ਆਮ ਲੋਕਾਂ ਦੀ ਸੁਰੱਖਿਆ ਲਈ ਹਰ ਪੱਧਰ ’ਤੇ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ’ਚ ਪੀਣ ਵਾਲੇ ਪਾਣੀ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਲੋਕਾਂ ਨੂੰ ਲੂ ਲੱਗਣ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬਿਮਾਰ ਹੋਣ ’ਤੇ ਸਾਰਿਆਂ ਨੂੰ ਤੁਰਤ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਲੂ ਲੱਗਣ ਤੋਂ ਪ੍ਰਭਾਵਤ ਲੋਕਾਂ ਦਾ ਤੁਰਤ ਹਸਪਤਾਲ/ਮੈਡੀਕਲ ਕਾਲਜ ’ਚ ਇਲਾਜ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿਤੇ ਹਨ ਕਿ ਪਿੰਡਾਂ ਜਾਂ ਸ਼ਹਿਰਾਂ ’ਚ ਕਿਤੇ ਵੀ ਬੇਲੋੜੇ ਬਿਜਲੀ ਕੱਟ ਨਹੀਂ ਲੱਗਣੇ ਚਾਹੀਦੇ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ’ਚ ਵੀ ਬਿਜਲੀ ਦੀ ਸਹੀ ਸਪਲਾਈ ਯਕੀਨੀ ਬਣਾਈ ਜਾਵੇ।
ਬਿਹਾਰ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜਦੋਂ ਵਿਰੋਧੀ ਧਿਰ ਦੇ ਦਬਾਅ ਕਾਰਨ ਸਰਕਾਰੀ ਸਕੂਲ ਪਹਿਲਾਂ ਹੀ ਬੰਦ ਹਨ ਤਾਂ ਫਿਰ ਅਧਿਆਪਕਾਂ ਨੂੰ ਇਸ ਭਿਆਨਕ ਗਰਮੀ ’ਚ ਸਕੂਲ ਆਉਣ ਲਈ ਕਿਉਂ ਕਿਹਾ ਜਾ ਰਿਹਾ ਹੈ? ਜਦੋਂ ਵਿਦਿਆਰਥੀ ਸਕੂਲ ਨਹੀਂ ਆਉਣਗੇ, ਤਾਂ ਅਧਿਆਪਕ ਕੀ ਕਰਨਗੇ? ਇਸ ਭਿਆਨਕ ਗਰਮੀ ’ਚ ਅਧਿਆਪਕਾਂ ਨੂੰ ਛੁੱਟੀ ਦਿਤੀ ਜਾਣੀ ਚਾਹੀਦੀ ਹੈ।’’
ਬਿਹਾਰ ਦੀਆਂ 40 ਲੋਕ ਸਭਾ ਸੀਟਾਂ ’ਤੇ ਸੱਤ ਪੜਾਵਾਂ ’ਚ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ’ਚੋਂ 8 ਸੀਟਾਂ ’ਤੇ ਸਨਿਚਰਵਾਰ ਨੂੰ ਵੋਟਿੰਗ ਹੋਵੇਗੀ।