
ਭਾਜਪਾ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਲਿਆ ਲੰਮੇ ਹੱਥੀਂ
ਸ਼ਿਮਲਾ: ਮਾਨਸੂਨ ਦੀ ਅਸਾਧਾਰਨ ਬਾਰਸ਼ ਕਾਰਨ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਅਤੇ ਅੰਦਰੂਨੀ ਖੇਤਰਾਂ ਵਿਚ ਸੜਕਾਂ ਬੰਦ ਹੋਣ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸੇਬਾਂ ਦੀ ਢੋਆ-ਢੁਆਈ ਵਿਚ ਵਿਘਨ ਪਿਆ ਹੈ, ਜਿਸ ਕਾਰਨ ਉਤਪਾਦਕਾਂ ਨੂੰ ਅਪਣੀ ਸੇਬ ਦੀ ਫਸਲ ਨੂੰ ਨਦੀਆਂ ’ਚ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਕ ਵੱਡੇ ਫਲ ਉਤਪਾਦਕ ਦਾ ਕਹਿਣਾ ਹੈ, ‘‘ਉਪਰੀ ਸ਼ਿਮਲਾ ਖੇਤਰ ’ਚ ਵੱਖ-ਵੱਖ ਹਿੱਸਿਆਂ ’ਚ, ਖਾਸ ਤੌਰ ’ਤੇ ਜੁਬਲ, ਰੋਹੜੂ, ਕੋਟਖਾਈ, ਚੋਪਾਲ ਖੇਤਰਾਂ ’ਚ ਲਗਭਗ ਇਕ ਪੰਦਰਵਾੜੇ ਤੋਂ ਢਿੱਗਾਂ ਡਿੱਗਣ ਕਾਰਨ ਸੇਬਾਂ ਨਾਲ ਭਰੇ ਸੈਂਕੜੇ ਟਰੱਕ ਫਸੇ ਹੋਏ ਹਨ।’’
ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਟਰੱਕ ਚਾਲਕ ਅਪਣੀਆਂ ਗੱਡੀਆਂ ਚਲਾਉਣ ਤੋਂ ਇਨਕਾਰ ਕਰ ਰਹੇ ਹਨ। ਹੋਰਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਕਾਰਨ ਸੇਬ ਸੜਨ ਲੱਗੇ ਹਨ। ਰੋਹੜੂ ਦੇ ਇਕ ਉਤਪਾਦਕ ਦੀਪਕ ਮੰਟਾ ਨੇ ਕਿਹਾ, ‘‘ਸੇਬ ਨਦੀਆਂ ਵਿਚ ਸੁੱਟੇ ਜਾ ਰਹੇ ਹਨ ਕਿਉਂਕਿ ਉਹ ਸੜਨ ਲੱਗੇ ਹਨ।’’
ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਭਾਰੀ ਮੀਂਹ ਨੇ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪਿਛਲੇ ਹਫ਼ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਖੇਤਰੀ ਅਧਿਕਾਰੀ ਅਬਦੁਲ ਬਾਸਿਤ ਨੇ ਇੱਥੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰੀਪੋਰਟ ਪੇਸ਼ ਕੀਤੀ।
ਹਾਲ ਹੀ ’ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿਚ ਨੈਸ਼ਨਲ ਹਾਈਵੇ ਦੇ ਜ਼ਿਆਦਾਤਰ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕੀਰਤਪੁਰ-ਮਨਾਲੀ ਅਤੇ ਕਾਲਕਾ-ਸ਼ਿਮਲਾ ਰਾਸ਼ਟਰੀ ਰਾਜਮਾਰਗ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਇਨ੍ਹਾਂ ਨੂੰ ਬਹਾਲ ਕਰਨ ਲਈ ਰੱਖ-ਰਖਾਅ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਗਿਆ ਹੈ।
ਵਿਕਰਮਾਦਿੱਤਿਆ ਸਿੰਘ ਨੇ 20 ਜੁਲਾਈ ਨੂੰ ਦਿੱਲੀ ’ਚ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਭਰ ’ਚ ਲਗਾਤਾਰ ਮੀਂਹ ਅਤੇ ਬੱਦਲ ਫਟਣ ਕਾਰਨ ਹੋਈ ਤਬਾਹੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਐਨ.ਐਚ.ਏ.ਆਈ. ਨੂੰ ਸੌਂਪੇ ਗਏ ਨੁਕਸਾਨੀਆਂ ਸੜਕਾਂ ਅਤੇ ਪੁਲਾਂ ਦੇ ਅਨੁਮਾਨਾਂ ਲਈ ਫੰਡ ਅਲਾਟ ਕਰਨ ਦੀ ਅਪੀਲ ਕੀਤੀ।
ਰਾਜ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਪੀ.ਡਬਲਯੂ.ਡੀ. ਨੂੰ ਸੂਬੇ ਭਰ ’ਚ 1,909 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ ’ਚ 24 ਜੂਨ ਤੋਂ 29 ਜੁਲਾਈ ਤਕ ਕੁੱਲ 72 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ 52 ਹੜ੍ਹਾਂ ਦੀ ਸੂਚਨਾ ਮਿਲੀ ਹੈ। ਸ਼ਿਮਲਾ ਤੋਂ ਇਲਾਵਾ, ਮੰਡੀ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੇ ਹੋਰ ਸੇਬ ਉਗਾਉਣ ਵਾਲੇ ਖੇਤਰਾਂ ਵਿਚ ਸਥਿਤੀ ਮਾੜੀ ਦੱਸੀ ਜਾਂਦੀ ਹੈ। ਕਾਂਗਰਸ ਸਰਕਾਰ ’ਤੇ ਹਮਲਾ ਕਰਦੇ ਹੋਏ, ਭਾਜਪਾ ਨੇਤਾ ਅਤੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੇਬ ਸੁੱਟਣ ਦੀ ਇਕ ਵੀਡੀਓ ਟਵੀਟ ਕਰਦੇ ਹੋਏ ਕਿਹਾ, ‘‘ਸ਼ਿਮਲਾ ’ਚ ਸੇਬ ਉਤਪਾਦਕ ਅਪਣੀ ਉਪਜ ਨੂੰ ਨਦੀ ’ਚ ਸੁੱਟਣ ਲਈ ਮਜਬੂਰ ਹਨ ਕਿਉਂਕਿ ਹਿਮਾਚਲ ’ਚ ਕਾਂਗਰਸ ਸਰਕਾਰ ਕਿਸਾਨਾਂ ਨੂੰ ਫਲਾਂ ਨੂੰ ਮੰਡੀ ਤਕ ਪਹੁੰਚਾਉਣ ’ਚ ਮਦਦ ਕਰਨ ਵਿੱਚ ਅਸਫਲ ਰਹੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਇਕ ਪਾਸੇ ਰਾਹੁਲ ਗਾਂਧੀ ਕਿਸਾਨਾਂ ਲਈ ਹੰਝੂ ਵਹਾਉਂਦੇ ਹਨ, ਦੂਜੇ ਪਾਸੇ, ਜਦੋਂ ਕਿਸਾਨਾਂ ਦੀ ਸਹਾਇਤਾ ਕਰਨ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਦੀਆਂ ਸੂਬਾ ਸਰਕਾਰਾਂ ਦਾ ਕੰਮ ਬਹੁਤ ਬੁਰਾ ਹੈ। ਇਸ ਕਾਰਨ ਬਾਜ਼ਾਰ ’ਚ ਫਲ ਅਤੇ ਸਬਜ਼ੀਆਂ ਮਹਿੰਗੀਆਂ ਹਨ।’’ ਇਸ ਮੁੱਦੇ ’ਤੇ ਸ਼ਾਮਲ ਹੁੰਦੇ ਹੋਏ, ਰਾਜ ਭਾਜਪਾ ਦੇ ਨੇਤਾ ਅਤੇ ਇਕ ਪ੍ਰਮੁੱਖ ਸੇਬ ਉਤਪਾਦਕ ਚੇਤਨ ਬ੍ਰਾਗਟਾ ਨੇ ਟਵੀਟ ਕੀਤਾ, ‘‘ਸਾਰਾ ਸਾਲ ਉਤਪਾਦਕ ਅਪਣੀ ਫਸਲ ਤਿਆਰ ਕਰਨ ਲਈ ਸਖਤ ਮਿਹਨਤ ਕਰਦੇ ਹਨ, ਅਤੇ ਜੇ ਉਸ ਦੀ ਫਸਲ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ ਤਾਂ ਇਹ ਬਹੁਤ ਦੁਖਦਾਈ ਹੈ। ਅਸੀਂ ਲਗਾਤਾਰ ਸਰਕਾਰ ਨੂੰ ਸੇਬ ਸੰਗ੍ਰਹਿ ਕੇਂਦਰ ਖੋਲ੍ਹਣ ਅਤੇ ਸੰਪਰਕ ਬਹਾਲ ਕਰਨ ਦੀ ਅਪੀਲ ਕਰ ਰਹੇ ਹਾਂ। ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨ ਅਪਣੇ ਸੇਬ ਨਾਲੇ ’ਚ ਸੁੱਟਣ ਲਈ ਮਜਬੂਰ ਹਨ।’’
ਸੂਬੇ ਦੇ ਸੇਬ ਦੀ ਪੈਦਾਵਾਰ ਦਾ 90 ਫੀ ਸਦੀ ਤੋਂ ਵੱਧ ਘਰੇਲੂ ਮੰਡੀ ’ਚ ਜਾਂਦਾ ਹੈ। ਪਰ ਕਿਸਾਨ ਇਸ ਸਾਲ ਸੇਬ ਦੀ ਫਸਲ ਦੇ ਸਮੁੱਚੇ ਉਤਪਾਦਨ ਨੂੰ ਲੈ ਕੇ ਸ਼ੱਕੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਫਸਲ ਦੀ ਗਿਰਾਵਟ ਹਾਲ ਦੇ ਸਾਲਾਂ ਦੇ ਝਾੜ ਦੇ ਮੁਕਾਬਲੇ 70 ਫੀ ਸਦੀ ਤਕ ਜ਼ਿਆਦਾ ਹੋ ਸਕਦੀ ਹੈ।
ਬਾਗਬਾਨੀ ਮਾਹਰਾਂ ਦਾ ਕਹਿਣਾ ਹੈ ਕਿ ਸੇਬ ਅਤੇ ਬਦਾਮ ਦੇ ਉਤਪਾਦਨ ਵਿਚ ਦੇਸ਼ ਦੇ ਦੂਜੇ ਸਥਾਨ ’ਤੇ ਰਹਿਣ ਵਾਲੇ ਹਿਮਾਚਲ ਪ੍ਰਦੇਸ਼ ’ਚ ਸੇਬ ਦੀ ਫਸਲ ’ਚ 30-35 ਫ਼ੀ ਸਦੀ ਦੀ ਗਿਰਾਵਟ ਦੇ ਨਾਲ-ਨਾਲ ਇਸ ਦਾ ਸਵਾਦ ਵੀ ਖਰਾਬ ਹੋ ਸਕਦਾ ਹੈ।
ਸੇਬਾਂ ਦਾ ਤੋੜਨਾ ਜੁਲਾਈ ’ਚ ਸ਼ੁਰੂ ਹੁੰਦਾ ਹੈ ਅਤੇ ਅਕਤੂਬਰ ਦੇ ਅੰਤ ਤਕ ਚਲਦਾ ਹੈ। ਆਰਥਕ ਸਰਵੇਖਣ 2022-23 ਦੇ ਅਨੁਸਾਰ, ਰਾਜ ਨੇ ਦਸੰਬਰ 2022 ਤੱਕ 674,000 ਟਨ ਸੇਬਾਂ ਦਾ ਉਤਪਾਦਨ ਕੀਤਾ। ਪਿਛਲੇ 13 ਸਾਲਾਂ ’ਚ, 2011-12 ’ਚ 275,000 ਟਨ ਦੀ ਸਭ ਤੋਂ ਘੱਟ ਫਸਲ ਹੋਈ ਸੀ ਜਦੋਂ ਕਿ ਸਭ ਤੋਂ ਵੱਧ 892,000 ਟਨ ਦੀ ਫਸਲ 2010-11 ’ਚ ਸੀ।