ਅਮਿਤ ਸ਼ਾਹ 18 ਅਗਸਤ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਵਿਚ ਦਾਖਲ ਹੋਏ ਸਨ। ਕਰੀਬ 12 ਦਿਨਾਂ ਤੱਕ ਉਹਨਾਂ ਦਾ ਇਲਾਜ ਚੱਲਿਆ।
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਜ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੱਲ ਹੀ ਏਮਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਠੀਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਅਮਿਤ ਸ਼ਾਹ 18 ਅਗਸਤ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਵਿਚ ਦਾਖਲ ਹੋਏ ਸਨ। ਕਰੀਬ 12 ਦਿਨਾਂ ਤੱਕ ਉਹਨਾਂ ਦਾ ਇਲਾਜ ਚੱਲਿਆ।
ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਹਨਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। 14 ਅਗਸਤ ਨੂੰ ਉਹਨਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਮੇਦਾਂਤਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਇਸ ਤੋਂ ਬਾਅਦ ਉਹ ਘਰੇਲੂ ਇਕਾਂਤਵਾਸ ਵਿਚ ਸਨ।
ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ,''ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮੈਂ ਈਸ਼ਵਰ ਦਾ ਧੰਨਵਾਦ ਕਰਦਾ ਹਾਂ। ਇਸ ਸਮੇਂ ਜਿਹੜੇ ਲੋਕਾਂ ਨੇ ਮੇਰੇ ਸਿਹਤ ਲਈ ਸ਼ੁੱਭ ਕਾਮਨਾਵਾਂ ਦੇ ਕੇ ਮੇਰਾ ਅਤੇ ਮੇਰੇ ਪਰਿਵਾਰ ਵਾਲਿਆਂ ਦਾ ਹੌਂਸਲਾ ਵਧਾਇਆ, ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਜ਼ਾਹਰ ਕਰਦਾ ਹਾਂ।''
ਕੋਰੋਨਾ ਨੈਗੇਟਿਵ ਹੋਣ ਦੇ ਚਾਰ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਲਕੇ ਬੁਖ਼ਾਰ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ 18 ਅਗਸਤ ਨੂੰ ਦੇਰ ਰਾਤ ਉਹ ਦਿੱਲੀ ਸਥਿਤ ਏਮਜ਼ ਵਿਚ ਦਾਖਲ ਹੋਏ। ਏਮਜ਼ ਨਿਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦੀ ਅਗਵਾਈ ਵਿਚ ਇਕ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਸੀ। ਅਮਿਤ ਸ਼ਾਹ ਹਸਪਤਾਲ ਤੋਂ ਹੀ ਮੰਤਰਾਲੇ ਦਾ ਕੰਮਕਾਜ ਵੀ ਕਰ ਰਹੇ ਸਨ। ਹੁਣ 12 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਏਮਜ਼ ਤੋਂ ਛੁੱਟੀ ਮਿਲ ਗਈ ਹੈ।