
ਇਕ ਦਿਨ ਵਿਚ 971 ਮਰੀਜ਼ਾਂ ਦੀ ਮੌਤ, 78512 ਨਵੇਂ ਮਾਮਲੇ
ਨਵੀਂ ਦਿੱਲੀ, 31 ਅਗੱਸਤ : ਭਾਰਤ ਵਿਚ ਕੋਰੋਨਾ ਵਾਇਰਸ ਦੇ 78512 ਨਵੇਂ ਮਾਮਲੇ ਆਉਣ ਮਗਰੋਂ ਸੋਮਵਾਰ ਨੂੰ ਦੇਸ਼ ਵਿਚ ਲਾਗ ਦੇ ਮਾਮਲੇ 36 ਲੱਖ ਪਾਰ ਕਰ ਗਏ ਜਦਕਿ 2774801 ਮਰੀਜ਼ਾਂ ਦੇ ਸਿਹਤਯਾਬ ਹੋਣ ਮਗਰੋਂ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 76.62 ਫ਼ੀ ਸਦੀ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਵਾਇਰਸ ਨਾਲ 971 ਹੋਰ ਮਰੀਜ਼ਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 64469 ਹੋ ਗਈ। ਮੰਤਰਾਲੇ ਮੁਤਾਬਕ ਦੇਸ਼ ਵਿਚ ਹਾਲੇ ਕੋਰੋਨਾ ਵਾਇਰਸ ਤੋਂ ਪੀੜਤ 781975 ਮਰੀਜ਼ਾਂ ਦਾ ਇਲਾਜ ਜਾਰੀ ਹੈ ਜਦਕਿ 2774801 ਮਰੀਜ਼ ਠੀਕ ਹੋ ਚੁਕੇ ਹਨ। ਦੇਸ਼ ਵਿਚ ਕੋਵਿਡ-19 ਦੇ ਹਾਲੇ ਤਕ ਕੁਲ 2621245 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 76.62 ਫ਼ੀ ਸਦੀ ਹੋ ਗਈ ਹੈ ਜਦਕਿ ਮੌਤ ਦਰ ਡਿੱਗ ਕੇ 1.78 ਫ਼ੀ ਸਦੀ ਹੋ ਗਈ। ਮੰਤਰਾਲੇ ਮੁਤਾਬਕ ਕੇਵਲ ਪਿਛਲੇ ਅੱਠ ਮਹੀਨਿਆਂ ਵਿਚ ਲਗਭਗ ਪੰਜ ਲੱਖ ਲੋਕ ਠੀਕ ਹੋਏ ਹਨ। ਇਸ ਤੋਂ ਪਹਿਲਾਂ ਲੋਕ ਕ੍ਰਮਵਾਰ 10 ਅਤੇ ਨੌਂ ਦਿਨ ਵਿਚ ਠੀਕ ਹੋਏ ਸਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਭਾਰਤ ਵਿਚ ਹਾਲੇ ਤਕ ਕੁਲ 42307914 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਸ ਵਿਚੋਂ 846278 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 971 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 296 ਮਰੀਜ਼ ਮਹਾਰਾਸ਼ਟਰ ਦੇ ਸਨ। ਇਸ ਤੋਂ ਇਲਾਵਾ ਕਰਨਾਟਕ ਦੇ 106, ਤਾਮਿਲਨਾਡੂ ਦੇ 94, ਆਂਧਰਾ ਪ੍ਰਦੇਸ਼ ਦੇ 88, ਯੂਪੀ ਦੇ 67, ਪੰਜਾਬ ਦੇ 56, ਪਛਮੀ ਬੰਗਾਲ ਦੇ 50, ਮੱਧ ਪ੍ਰਦੇਸ਼ ਦੇ 29, ਦਿੱਲੀ ਦੇ 22, ਗੁਜਰਾਤ ਅਤੇ ਬਿਹਾਰ ਦੇ 17-17, ਝਾਰਖੰਡ ਅਤੇ ਰਾਜਸਥਾਨ ਦੇ 13-13, ਹਰਿਆਣਾ ਤੇ ਉੜੀਸਾ ਦੇ 12-12, ਪੁਡੂਚੇਰੀ ਦੇ 10 ਮਰੀਜ਼ ਸਨ। ਜੰਮੂ ਕਸ਼ਮੀਰ ਅਤੇ ਤੇਲੰਗਾਨਾ ਵਿਚ ਨੌਂ ਨੌਂ, ਆਸਾਮ, ਚੰਡੀਗੜ੍ਹ, ਛੱਤੀਸਗੜ੍ਹ, ਉਤਰਾਖੰਡ ਅਤੇ ਕੇਰਲਾ ਵਿਚ ਸੱਤ-ਸੱਤ, ਗੋਆ ਤੇ ਤ੍ਰਿਪੁਰਾ ਵਿਚ ਪੰਜ-ਪੰਜ, ਅਰੁਣਾਚਲ ਪ੍ਰਦੇਸ਼ ਤੇ ਲਦਾਖ਼ ਵਿਚ ਦੋ-ਦੋ ਅਤੇ ਅੰਡੇਮਾਨ ਅਤੇ ਨਿਕੋਬਾਰ ਤੇ ਹਿਮਾਚਲ ਪ੍ਰਦੇਸ਼ ਵਿਚ ਇਕ ਇਕ ਵਿਅਕਤੀ ਦੀ ਜਾਨ ਗਈ। (ਏਜੰਸੀ)