
ਹਰਿਆਣਾ ਦੇ ਸਿਰਸਾ ਤੋਂ ਵਿਧਾਇਕ ਹਨ ਗੋਪਾਲ ਕਾਂਡਾ
Gopal Kanda ED Raid News: ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਬਰੀ ਹੋ ਚੁੱਕੇ ਅਤੇ ਗੀਤਿਕਾ ਸ਼ਰਮਾ ਦੀ ਮਾਂ ਅਨੁਰਾਧਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਵਿਚ ਜਾਂਚ ਸਾਹਮਣਾ ਕਰ ਰਹੇ ਹਰਿਆਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੋਆ ਅਤੇ ਸਿਲੀਗੁੜੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਥੇ ਈਡੀ ਨੇ ਕਾਂਡਾ ਦੇ ਦਫ਼ਤਰ ਅਤੇ ਕੈਸੀਨੋ 'ਤੇ ਦੇਰ ਰਾਤ ਛਾਪੇਮਾਰੀ ਸ਼ੁਰੂ ਕੀਤੀ ਸੀ, ਜੋ ਅਜੇ ਵੀ ਜਾਰੀ ਹੈ।
ਗੋਪਾਲ ਕਾਂਡਾ ਗੋਆ ਵਿਚ ਬਿਗ ਡੈਡੀ ਨਾਮ ਦਾ ਇਕ ਕੈਸੀਨੋ ਚਲਾਉਂਦਾ ਹੈ। ਉਸ ਨੂੰ ਗੋਆ ਦਾ ਕੈਸੀਨੋ ਕਿੰਗ ਵੀ ਕਿਹਾ ਜਾਂਦਾ ਹੈ। ਇਕ ਸਮੇਂ, ਕਾਂਡਾ ਦਾ ਕੈਸੀਨੋ ਗੋਆ ਵਿਚ ਇਕ ਪਣਡੁੱਬੀ ਜਹਾਜ਼ 'ਤੇ ਚਲਦਾ ਸੀ। ਗੋਪਾਲ ਕਾਂਡਾ ਦੀ ਕੰਪਨੀ ਮੈਸਰਜ਼ ਗੋਲਡਨ ਗਲੋਬ ਹੋਟਲਜ਼ ਪ੍ਰਾਈਵੇਟ ਲਿਮਟਿਡ ਇਸ ਜਹਾਜ਼ ਵਿਚ ਅਪਣਾ ਕੈਸੀਨੋ ਰੀਓ ਚਲਾਉਂਦੀ ਸੀ। ਇਹ ਜਹਾਜ਼ ਗੋਆ ਦੀ ਮੰਡੋਵੀ ਨਦੀ ਵਿਚ ਖੜ੍ਹਾ ਰਹਿੰਦਾ ਸੀ।
ਈਡੀ ਨੇ ਤਿੰਨ ਮਹੀਨੇ ਪਹਿਲਾਂ ਹਰਿਆਣਾ ਦੇ ਸਿਰਸਾ ਤੋਂ ਆਜ਼ਾਦ ਵਿਧਾਇਕ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਸੁਪਰੀਮੋ ਗੋਪਾਲ ਗੋਇਲ ਕਾਂਡਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਛਾਪੇਮਾਰੀ ਦੌਰਾਨ 21 ਘੰਟੇ ਤਕ ਗੋਪਾਲ ਕਾਂਡਾ ਦੀ ਜਾਇਦਾਦ ਦੇ ਵੇਰਵੇ ਦੀ ਤਲਾਸ਼ੀ ਲਈ ਸੀ। ਈਡੀ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਰਹੇ ਵਿਧਾਇਕ ਗੋਪਾਲ ਕਾਂਡਾ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਰੋੜਪਤੀ ਹੈ ਗੋਪਾਲ ਕਾਂਡਾ
2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ, ਕਾਂਡਾ ਕੋਲ ਲਗਭਗ 70 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਉਨ੍ਹਾਂ ਨੇ ਸਿਰਸਾ 'ਚ ਕਰੀਬ ਢਾਈ ਏਕੜ 'ਚ ਅਪਣਾ ਮਹਿਲ ਬਣਾਇਆ ਹੋਇਆ ਹੈ, ਜਿਸ ਦੇ ਅੰਦਰ ਹੈਲੀਕਾਪਟਰ ਲੈਂਡਿੰਗ ਦੀ ਸਹੂਲਤ ਮੌਜੂਦ ਹੈ। ਇਸ ਮਹਿਲ ਦੀ ਕੀਮਤ ਕਰੋੜਾਂ ਵਿਚ ਹੈ। ਗੋਪਾਲ ਕਾਂਡਾ ਦੇ ਪਿਤਾ ਮੁਰਲੀਧਰ ਕਾਂਡਾ ਦਾ ਪਿਛੋਕੜ ਆਰਐਸਐਸ ਨਾਲ ਸਬੰਧ ਸੀ। ਇਕ ਸਾਧਾਰਨ ਪ੍ਰਵਾਰ ਵਿਚ ਪੈਦਾ ਹੋਏ ਗੋਪਾਲ ਕਾਂਡਾ ਨੇ ਦਸਵੀਂ ਤਕ ਪੜ੍ਹਾਈ ਕੀਤੀ ਹੈ।