
ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਵਿਚ ਸੱਤਾਧਿਰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਨਾਲ ਜੁੜੀ ਚੋਣ ਕਮਿਸ਼ਨ ਦੀ ਸਿਫ਼ਾਰਸ਼ ਨੂੰ ਅੱਜ ਪ੍ਰਵਾਨ ਕਰ ਲਿਆ। ਲਾਭ ਦੇ ਅਹੁਦੇ ਰੱਖਣ ਕਾਰਨ ਕਮਿਸ਼ਨ ਨੇ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਇਆ ਸੀ।
ਕਾਨੂੰਨ ਮੰਤਰਾਲੇ ਵਲੋਂ ਜਾਰੀ ਅਧਿਸੂਚਨਾ ਵਿਚ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੁਆਰਾ ਦਿਤੀ ਗਈ ਰਾਏ ਦੇ ਸੰਦਰਭ ਵਿਚ ਦਿੱਲੀ ਵਿਧਾਨ ਸਭਾ ਦੇ 20 ਮੈਂਬਰਾਂ ਨੂੰ ਅਯੋਗ ਕਰਾਰ ਦਿਤਾ ਗਿਆ ਹੈ। ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਅਹੁਦੇ ਨੂੰ ਪਟੀਸ਼ਨਕਾਰ ਨੇ ਲਾਭ ਦਾ ਅਹੁਦਾ ਦਸਿਆ ਸੀ। 'ਆਪ' ਨੂੰ ਝਟਕਾ ਦਿੰਦਿਆਂ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਸਿਫ਼ਾਰਸ਼ ਕੀਤੀ ਸੀ। ਰਾਸ਼ਟਰਪਤੀ ਨੂੰ ਭੇਜੀ ਅਪਣੀ ਰਾਏ ਵਿਚ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਇਨ੍ਹਾਂ ਵਿਧਾਇਕਾਂ ਕੋਲ 13 ਮਾਰਚ, 2015 ਅਤੇ 8 ਸਤੰਬਰ 2016 ਵਿਚਕਾਰ ਸੰਸਦੀ ਸਕੱਤਰਾਂ ਦਾ ਅਹੁਦਾ ਸੀ ਜੋ ਲਾਭ ਦਾ ਅਹੁਦਾ ਮੰਨਿਆ ਜਾਂਦਾ ਹੈ।
ਨੋਟੀਫ਼ੀਕੇਸ਼ਨ ਵਿਚ ਕਿਹਾ ਗਿਆ, 'ਚੋਣ ਕਮਿਸ਼ਨ ਦੁਆਰਾ ਦਿਤੀ ਗਈ ਰਾਏ ਦੇ ਸੰਦਰਭ ਵਿਚ ਮੈਂ, ਰਾਮਨਾਥ ਕੋਵਿੰਦ, ਭਾਰਤ ਦਾ ਰਾਸ਼ਟਰਪਤੀ, ਅਪਣੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਦਿੱਲੀ ਵਿਧਾਨ ਸਭਾ ਦੇ ਉਕਤ 20 ਮੈਂਬਰਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਉਂਦਾ ਹਾਂ।' ਪਾਰਟੀ ਦੇ ਸਾਰੇ 20 ਵਿਧਾਇਕਾਂ ਨੇ ਚੋਣ ਕਮਿਸ਼ਨ ਦੀ ਸਿਫ਼ਾਰਸ਼ ਨੂੰ ਦਿੱਲੀ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ ਪਰ ਹਾਈ ਕੋਰਟ ਨੇ ਇਨ੍ਹਾਂ ਨੂੰ ਫ਼ੌਰੀ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ। ਜੱਜ ਰੇਖਾ ਪੱਲੀ ਨੇ ਕੋਈ ਅੰਤਰਮ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿਤਾ ਸੀ। ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।