
ਨਵੀਂ
ਦਿੱਲੀ, 19 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰਥਚਾਰੇ ਦੀ ਸਥਿਤੀ ਦਾ
ਜਾਇਜ਼ਾ ਲੈਣ ਨੂੰ ਲੈ ਕੇ ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਦੇ ਹੋਰ ਅਧਿਕਾਰੀਆਂ ਨਾਲ ਹੋਣ
ਵਾਲੀ ਬੈਠਕ ਟਾਲ ਦਿਤੀ ਗਈ ਹੈ। ਵਿੱਤ ਮੰਤਰਾਲਾ ਅਰਥਚਾਰੇ 'ਚ ਆਈ ਸੁਸਤੀ ਅਤੇ ਉਸ ਨਾਲ
ਨਜਿੱਠਣ ਦੇ ਉਪਾਅ ਬਾਰੇ ਇਕ ਵਿਸਤ੍ਰਿਤ ਰੀਪੋਰਟ ਤਿਆਰ ਕਰਨ 'ਚ ਲੱਗਾ ਹੋਇਆ ਹੈ, ਜਿਸ ਕਰ
ਕੇ ਬੈਠਕ ਟਾਲ ਦਿਤੀ ਗਈ। ਪ੍ਰਧਾਨ ਮੰਤਰੀ ਦੀ ਵਿੱਤ ਮੰਤਰੀ ਅਰੁਣ ਜੇਤਲੀ, ਮੁੱਖ ਆਰਥਕ
ਸਲਾਹਕਾਰ ਅਰਵਿੰਦ ਸੁਬਰਾਮਨੀਅਮ ਅਤੇ ਹੋਰ ਸਿਖਰਲੇ ਅਧਿਕਾਰੀਆਂ ਨਾਲ ਵਿੱਤ ਮੰਤਰਾਲੇ 'ਚ
ਅੱਜ ਸ਼ਾਮ ਬੈਠਕ ਹੋਣ ਵਾਲੀ ਸੀ। ਬੈਠਕ 'ਚ ਆਰਥਕ ਸਥਿਤੀ ਦਾ ਵਿਸ਼ਲੇਸ਼ਣ ਅਤੇ ਅਰਥਚਾਰੇ ਨੂੰ
ਗਤੀ ਦੇਣ ਲਈ ਉਪਾਅ ਭਾਲੇ ਜਾਣੇ ਸਨ। ਸੂਤਰਾਂ ਅਨੁਸਾਰ ਬੈਠਕ ਨੂੰ ਕੁੱਝ ਦਿਨਾਂ ਲਈ ਟਾਲ
ਦਿਤਾ ਗਿਆ ਹੈ। ਬੈਠਕ ਲਈ ਕਿਸੇ ਨਵੀਂ ਮਿਤੀ ਦਾ ਐਲਾਨ ਵੀ ਨਹੀਂ ਕੀਤਾ ਗਿਆ। ਪ੍ਰਧਾਨ
ਮੰਤਰੀ ਦਫ਼ਤਰ ਨੇ ਵਿੱਤ ਮੰਤਰਾਲੇ ਨੂੰ ਸਰਕਾਰ ਦੇ ਖ਼ਜ਼ਾਨੇ ਅਤੇ ਖ਼ਰਚੇ ਦਾ ਖਾਕਾ ਤਿਆਰ ਕਰਨ
ਦੇ ਨਾਲ ਜੀ.ਡੀ.ਪੀ. 'ਚ ਗਿਰਾਵਟ ਰੋਕਣ ਦੇ ਉਪਾਅ ਭਾਲਣ ਬਾਰੇ ਪ੍ਰਮੁੱਖ ਮੰਤਰਾਲਿਆਂ ਨਾਲ
ਵਿਚਾਰ-ਵਟਾਂਦਰਾ ਕਰਨ ਨੂੰ ਕਿਹਾ ਹੈ। (ਪੀਟੀਆਈ)