
ਜੈਪੁਰ,
23 ਸਤੰਬਰ: ਸੌਦਾ ਸਾਧ ਨੂੰ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ
ਹੁਣ ਰਾਜਸਥਾਨ ਦੇ 70 ਸਾਲਾ ਫਲਾਹਾਰੀ ਬਾਬੇ ਨੂੰ 21 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੇ
ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ 15 ਦਿਨ ਲਈ ਜੇਲ ਭੇਜ ਦਿਤਾ ਹੈ।
ਜੈਪੁਰ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ 21 ਸਾਲਾ ਕੁੜੀ ਵਲੋਂ ਬਲਾਤਕਾਰ ਦਾ ਦੋਸ਼
ਲਾਏ ਜਾਣ ਤੋਂ ਬਾਅਦ 70 ਸਾਲਾ ਫਲਾਹਾਰੀ ਬਾਬੇ ਨੂੰ ਸਿਹਤ ਖ਼ਰਾਬ ਹੋਣ ਤੋਂ ਬਾਅਦ ਰਾਜਸਥਾਨ
ਵਿਚ ਅਲਵਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਅੱਜ ਪੁਲਿਸ ਨੇ ਉਸ ਨੂੰ
ਗ੍ਰਿਫ਼ਤਾਰ ਕਰ ਲਿਆ।
ਜ਼ਿਲ੍ਹਾ ਬਿਲਾਸਪੁਰ ਦੇ ਛੱਤੀਸਗੜ੍ਹ ਦੀ ਰਹਿਣ ਵਾਲੀ ਕੁੜੀ ਨੇ
ਇਸ ਮਹੀਨੇ ਦੇ ਸ਼ੁਰੂ ਵਿਚ ਬਾਬੇ ਵਿਰੁਧ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਅਰਾਵਲੀ
ਥਾਣੇ ਦੇ ਐਸਐਚਓ ਹੇਮਰਾਜ ਮੀਨਾ ਨੇ ਕਿਹਾ ਕਿ ਫਲਾਹਾਰੀ ਬਾਬੇ ਨੂੰ ਮੈਡੀਕਲ ਜਾਂਚ ਲਈ
ਰਾਜੀਵ ਗਾਂਧੀ ਜਨਰਲ ਹਸਪਤਾਲ ਵਿਖੇ ਭੇਜਿਆ ਗਿਆ ਤੇ ਉਹ ਨਪੁੰਸਕ ਟੈਸਟ ਵਿਚ ਫ਼ਿਟ ਆਇਆ।
ਪੁਲਿਸ
ਨੇ ਦਸਿਆ ਕਿ ਇਸ ਸਾਲ 7 ਅਗੱਸਤ ਨੂੰ ਅਲਵਰ ਸਥਿਤ ਮਧੂਸੁਦਨ ਆਸ਼ਰਮ ਵਿਚ ਬਾਬੇ ਨੇ ਕੁੜੀ
ਨਾਲ ਬਲਾਤਕਾਰ ਕੀਤਾ ਅਤੇ 11 ਸਤੰਬਰ ਨੂੰ ਕੁੜੀ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ
ਕਰਵਾਈ। ਕੁੜੀ ਦੇ ਮਾਪੇ ਵੀ ਕਈ ਸਾਲਾਂ ਤੋਂ ਬਾਬੇ ਦੇ ਸ਼ਰਧਾਲੂ ਸਨ। ਪੁਲਿਸ ਨੇ ਦਸਿਆ ਕਿ
ਦਿੱਲੀ ਦੇ ਕਿਸੇ ਸੀਨੀਅਰ ਵਕੀਲ ਕੋਲ ਇਸ ਕੁੜੀ ਨੇ ਅਪਣੀ ਇੰਟਰਨਸ਼ਿਪ ਪੂਰੀ ਕੀਤੀ ਜਿਸ ਲਈ
ਉਸ ਨੂੰ ਤਿੰਨ ਹਜ਼ਾਰ ਰੁਪਏ ਮਿਲੇ। ਕੁੜੀ ਦੇ ਮਾਪਿਆਂ ਨੇ ਉਸ ਨੂੰ ਕਿਹਾ ਕਿ ਉਹ ਇਹ ਤਿੰਨ
ਹਜ਼ਾਰ ਰੁਪਏ ਬਾਬੇ ਦੇ ਆਸ਼ਰਮ ਨੂੰ ਦਾਨ ਦੇਵੇ।
ਬਿਲਾਸਪੁਰ ਦੀ ਏਐਸਪੀ ਅਰਚਨਾ ਝਾਅ ਨੇ
ਕਿਹਾ ਕਿ ਅਪਣੇ ਮਾਪਿਆਂ ਦੀ ਹਦਾਇਤ ਅਨੁਸਾਰ ਪਿਛਲੇ ਮਹੀਨੇ ਰਖੜੀ ਵਾਲੇ ਦਿਨ ਕੁੜੀ ਪੈਸੇ
ਦੇਣ ਲਈ ਬਾਬੇ ਦੇ ਆਸ਼ਰਮ ਪਹੁੰਚ ਗਈ। ਇਸ ਤੋਂ ਬਾਅਦ ਬਾਬੇ ਨੇ ਕੁੜੀ ਨੂੰ ਕੁੱਝ ਦਿਨ
ਆਸ਼ਰਮ ਵਿਚ ਰਹਿਣ ਲਈ ਕਿਹਾ ਜਿਸ 'ਤੇ ਉਹ ਰਾਜ਼ੀ ਹੋ ਗਈ। ਸ਼ਿਕਾਇਤ ਦਾ ਹਵਾਲਾ ਦਿੰਦਿਆਂ
ਪੁਲਿਸ ਅਧਿਕਾਰੀ ਨੇ ਕਿਹਾ ਕਿ ਰਾਤ ਦੇ ਸਮੇਂ ਬਾਬੇ ਨੇ ਕੁੜੀ ਨੂੰ ਅਪਣੇ ਕਮਰੇ ਵਿਚ ਬੁਲਾ
ਕੇ ਉਸ ਨਾਲ ਮੂੰਹ ਕਾਲਾ ਕੀਤਾ। ਬਾਬੇ ਨੇ ਕੁੜੀ ਨੂੰ ਧਮਕੀ ਵੀ ਦਿਤੀ ਕਿ ਜੇ ਉਸ ਨੇ
ਕਿਸੇ ਨੂੰ ਇਸ ਬਾਰੇ ਦਸਿਆ ਤਾਂ ਉਸ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ।
(ਪੀ.ਟੀ.ਆਈ.)