
ਲੰਦਨ, 15 ਮਾਰਚ : ਸੰਯੁਕਤ ਰਾਸ਼ਟਰ ਵਲੋਂ ਜਾਰੀ ਨਵੀਨਤਮ ਖ਼ੁਸ਼ਹਾਲੀ ਰੀਪੋਰਟ ਵਿਚ ਭਾਰਤ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਅਪਣੇ ਗਵਾਂਢੀ ਰਾਜਾਂ ਤੋਂ ਵੀ ਹੇਠਾਂ 133ਵਾਂ ਸਥਾਨ ਮਿਲਿਆ ਹੈ। ਰੀਪੋਰਟ ਵਿਚ ਫ਼ਿਨਲੈਂਡ ਸੱਭ ਤੋਂ ਖ਼ੁਸ਼ਹਾਲ ਦੇਸ਼ ਰਿਹਾ ਅਤੇ ਇਸ ਮਗਰੋਂ ਨਾਰਵੇ ਅਤੇ ਡੈਨਮਾਰਕ ਦਾ ਨਾਮ ਹੈ। ਖ਼ੁਸ਼ਹਾਲੀ ਦੇ ਮਾਮਲੇ ਵਿਚ ਸੱਭ ਤੋਂ ਅੰਤਮ ਸਥਾਨ 'ਤੇ ਬਰੂੰਡੀ ਦਾ ਨਾਮ ਹੈ। ਸੰਯੁਕਤ ਰਾਸ਼ਟਰ ਵਲੋਂ ਤਿਆਰ ਰੀਪੋਰਟ ਮੁਤਾਬਕ ਭਾਰਤ 0.698 ਅੰਕ ਦੀ ਗਿਰਾਵਟ ਨਾਲ ਪਿਛਲੇ ਸਾਲ ਦੇ ਅਪਣੇ 128ਵੇਂ ਸਥਾਨ ਤੋਂ ਹੇਠਾਂ ਚਲਿਆ ਗਿਆ। ਵਿਸ਼ਵ ਖ਼ੁਸ਼ਹਾਲੀ ਦਿਵਸ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਛੇਵੀਂ ਵਿਸ਼ਵ ਖ਼ੁਸ਼ਹਾਲੀ ਰੀਪੋਰਟ ਵਿਚ ਪਲਾਇਨ ਨੂੰ ਵੱਡਾ ਮੁੱਦਾ ਮੰਨਿਆ ਗਿਆ ਹੈ।
ਰੀਪੋਰਟ ਵਿਚ ਕਿਹਾ ਗਿਆ, 'ਵਿਸ਼ਵੀਕਰਨ ਦੇ ਵਧਣ ਨਾਲ ਦੁਨੀਆਂ ਭਰ ਵਿਚ ਲੋਕ ਇਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਪ੍ਰਵਾਸੀ ਖ਼ੁਸ਼ਹਾਲ ਜ਼ਿੰਦਗੀ ਚਾਹੁੰਦੇ ਹਨ।' ਰੀਪੋਰਟ ਮੁਤਾਬਕ ਦੇਸ਼ਾਂ ਵਿਚਕਾਰ ਖ਼ੁਸ਼ਹਾਲੀ ਵਿਚ ਵੱਡਾ ਫ਼ਰਕ ਹੈ ਅਤੇ ਇਸ ਕਾਰਨ ਪ੍ਰਵਾਸੀਆਂ 'ਤੇ ਦਬਾਅ ਕਾਇਮ ਰਹੇਗਾ। ਦੇਸ਼ ਵਿਚਕਾਰ ਪ੍ਰਵਾਸ ਕਰਨ ਵਾਲਿਆਂ ਵਿਚ ਕਈਆਂ ਨੂੰ ਫ਼ਾਇਦਾ ਹੋਵੇਗਾ ਜਦਕਿ ਬਾਕੀਆਂ ਨੂੰ ਨੁਕਸਾਨ ਹੋਵੇਗਾ। ਰੀਪੋਰਟ ਵਿਚ 156 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ 75ਵੇਂ, ਭੂਟਾਨ 97ਵੇਂ ਅਤੇ ਚੀਨ 86ਵੇਂ ਸਥਾਨ 'ਤੇ ਹੈ। ਅਮਰੀਕਾ ਅਤੇ ਬ੍ਰਿਟੇਨ 18ਵੇਂ ਅਤੇ 19ਵੇਂ ਸਥਾਨ 'ਤੇ ਹਨ। (ਏਜੰਸੀ)