
ਭੋਪਾਲ, 12 ਨਵੰਬਰ : ਕਾਂਗਰਸ ਨੇ
ਮੱਧ ਪ੍ਰਦੇਸ਼ ਦੀ ਚਿਤਰਕੂਟ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਵਿਚ ਜਿੱਤ ਦਰਜ ਕੀਤੀ
ਹੈ। ਇਸ ਦੇ ਨਾਲ ਹੀ ਪਾਰਟੀ ਨੇ ਸੀਟ 'ਤੇ ਅਪਣਾ ਕਬਜ਼ਾ ਬਰਕਰਾਰ ਰਖਿਆ ਹੈ। ਅਗਲੇ ਮਹੀਨੇ
ਗੁਜਰਾਤ ਅਤੇ 2018 ਵਿਚ ਮੱਧ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਨਮੁਖ
ਕਾਂਗਰਸ ਦੀ ਇਹ ਜਿੱਤ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।
ਚੋਣ ਅਧਿਕਾਰੀ ਏ ਕੇ ਦਿਵੇਦੀ
ਨੇ ਦਸਿਆ ਕਿ ਕਾਂਗਰਸ ਦੇ ਉਮੀਦਵਾਰ ਨੀਲਾਂਸ਼ੂ ਚਤੁਰਵੇਦੀ ਨੇ ਅਪਣੇ ਨੇੜਲੇ ਉਮੀਦਵਾਰ
ਭਾਜਪਾ ਦੇ ਸ਼ੰਕਰਦਿਆਲ ਤ੍ਰਿਪਾਠੀ ਨੂੰ 14,133 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ। ਉਨ੍ਹਾਂ
ਦਸਿਆ ਕਿ ਕਾਂਗਰਸ ਉਮੀਦਵਾਰ ਨੂੰ 66,810 ਵੋਟਾਂ ਮਿਲੀਆਂ ਅਤੇ ਭਾਜਪਾ ਉਮੀਦਵਾਰ
ਤ੍ਰਿਪਾਠੀ ਨੂੰ 52,677 ਵੋਟਾਂ ਮਿਲੀਆਂ। 2455 ਵੋਟਰਾਂ ਨੇ ਨੋਟਾ ਦਾ ਬਦਲ ਚੁਣਿਆ।
ਕਾਂਗਰਸ ਵਿਧਾਇਕ ਪ੍ਰੇਮ ਸਿੰਘ ਦੇ ਦਿਹਾਂਤ ਕਾਰਨ ਇਸ ਸੀਟ 'ਤੇ ਨੌਂ ਨਵੰਬਰ ਨੂੰ ਜ਼ਿਮਨੀ ਚੋਣ ਕਰਾਈ ਗਈ ਸੀ ਜਿਸ ਵਿਚ 65 ਫ਼ੀ ਸਦੀ ਮਤਦਾਨ ਹੋਇਆ ਸੀ।
ਸਾਲ
2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰੇਮ ਸਿੰਘ ਨੇ 10,970 ਵੋਟਾਂ ਦੇ ਫ਼ਰਕ ਨਾਲ
ਜਿੱਤ ਦਰਜ ਕੀਤੀ ਸੀ। ਉਨ੍ਹਾਂ ਭਾਜਪਾ ਦੇ ਸੁਰਿੰਦਰ ਸਿਘ ਗਹਰਵਾਰ ਨੂੰ ਹਰਾਇਆ ਸੀ।
ਚਿਤਰਕੁਟ ਸੀਟ ਲਈ ਹੋਈ ਜ਼ਿਮਨੀ ਚੋਣ ਵਿਚ 12 ਉਮੀਦਵਾਰ ਮੈਦਾਨ ਵਿਚ ਸਨ ਪਰ ਮੁੱਖ ਮੁਕਾਬਲਾ
ਚਤੁਰਵੇਦੀ ਅਤੇ ਤ੍ਰਿਪਾਠੀ ਵਿਚਕਾਰ ਹੀ ਮੰਨਿਆ ਜਾ ਰਿਹਾ ਸੀ। ਯੂਪੀ ਦੀ ਹੱਦ ਨਾਲ ਲਗਦੇ
ਚਿਤਰਕੁਟ ਦੀ ਸੀਟ ਕਾਂਗਰਸ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ। ਕਾਂਗਰਸ ਤੋਂ ਇਹ ਸੀਟ ਲੈਣ
ਲਈ ਸੱਤਾਧਾਰੀ ਭਗਵਾਂ ਪਾਰਟੀ ਨੇ ਅਪਣਾ ਪੂਰਾ ਜ਼ੋਰ ਲਾਇਆ ਹੋਇਆ ਸੀ ਤੇ ਮੁੱਖ ਮੰਤਰੀ
ਸ਼ਿਵਰਾਜ ਸਿੰਘ ਚੌਹਾਨ ਨੇ ਚਿਤਰਕੁਟ ਵਿਚ ਤਿੰਨ ਦਿਨ ਚੋਣ ਪ੍ਰਚਾਰ ਕੀਤਾ ਸੀ ਪਰ ਉਨ੍ਹਾਂ
ਨੂੰ ਸਫ਼ਲਤਾ ਨਹੀਂ ਮਿਲੀ। (ਏਜੰਸੀ)