
ਨਵੀਂ ਦਿੱਲੀ: ਤਿਉਹਾਰੀ ਮੌਸਮ ਦੇ ਬਾਵਜੂਦ ਮੰਗ ਨਾ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 124 ਰੁਪਏ ਘੱਟਕੇ 29,776 ਰੁਪਏ ਪ੍ਰਤੀ ਦਸ ਗਰਾਮ ਉੱਤੇ ਆ ਗਿਆ। ਚਾਂਦੀ ਵੀ ਲਗਾਤਾਰ ਦੂਜੇ ਦਿਨ 400 ਰੁਪਏ ਦੀ ਗਿਰਾਵਟ ਨਾਲ ਇਕ ਹਫਤੇ ਦੇ ਹੇਠਲੇ ਪੱਧਰ 41 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਹਾਲਾਂਕਿ ਪਿਛਲੇ ਸਾਲ ਨਾਲੋਂ ਇਸ ਵਾਰ ਚਾਂਦੀ ਦੀ ਕੀਮਤ ਕਾਫ਼ੀ ਘੱਟ ਰਹੀ ਪਰ ਬਾਜ਼ਾਰ 'ਚ ਮੰਗ ਨਹੀਂ ਆਈ। ਮੰਦੀ ਨਾਲ ਜੂਝ ਰਹੇ ਸਰਾਫਾ ਬਾਜ਼ਾਰ ਨੂੰ ਉਮੀਦ ਸੀ ਕਿ ਸਰਕਾਰ ਵੱਲੋਂ ਸਰਾਫਾ ਕਾਰੋਬਾਰ ਨੂੰ ਪੀ. ਐੱਮ. ਐੱਲ. ਏ. ਐਕਟ ਤੋਂ ਬਾਹਰ ਕੀਤੇ ਜਾਣ ਨਾਲ ਇਸ ਤਿਉਹਾਰੀ ਸੀਜ਼ਨ 'ਚ ਚੰਗੀ ਸੇਲ ਹੋਵੇਗੀ ਪਰ ਸੋਨੇ ਦੀਆਂ ਉੱਚੀਆਂ ਕੀਮਤਾਂ ਹੋਣ ਅਤੇ ਜੀ. ਐੱਸ. ਟੀ. ਨਾਲ ਕੀਮਤ ਹੋਰ ਜ਼ਿਆਦਾ ਹੋਣ ਕਾਰਨ ਗਾਹਕਾਂ ਦਾ ਰੁਝਾਨ ਇਸ ਵਾਰ ਬਾਜ਼ਾਰ 'ਚ ਘੱਟ ਹੀ ਨਜ਼ਰ ਆ ਰਿਹਾ ਹੈ। ਹਾਲਾਂਕਿ 2 ਲੱਖ ਰੁਪਏ ਤੱਕ ਦੇ ਗਹਿਣੇ ਖਰੀਦਣ 'ਤੇ ਪੈਨ ਦੇਣ ਤੋਂ ਛੂਟ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਵੱਡੇ ਗਾਹਕਾਂ ਵੱਲੋਂ ਮੰਗ ਕਾਫੀ ਘੱਟ ਹੈ।
ਸਿੱਕਿਆ ਦੀ ਵੀ ਮੰਗ ਨਾ ਆਉਣ ਨਾਲ ਇਸ ਦੀ ਕੀਮਤ ਸਥਿਰ ਰਹੀ। ਪਿਛਲੇ ਸਾਲ ਦੇ ਧਨਤੇਰਸ ਦੇ ਮੁਕਾਬਲੇ ਇਸ ਸਾਲ ਚਾਂਦੀ 'ਚ ਵੱਡੀ ਗਿਰਾਵਟ ਆ ਚੁੱਕੀ ਹੈ। ਤਕਰੀਬਨ ਇਕ ਸਾਲ 'ਚ ਇਹ 2 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ। ਸੋਨੇ 'ਚ ਮਾਮੂਲੀ ਗਿਰਾਵਟ ਰਹੀ। ਸੋਨਾ ਪਿਛਲੇ ਸਾਲ ਧਨਤੇਰਸ 'ਤੇ 30,750 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਕਾਰੋਬਾਰੀਆਂ ਨੇ ਦੱਸਿਆ ਕਿ ਧਨਤੇਰਸ ਦਾ ਤਿਉਹਾਰ ਹੋਣ ਦੇ ਬਾਵਜੂਦ ਵੀ ਬਾਜ਼ਾਰ 'ਚ ਗਾਹਕ ਨਹੀਂ ਹਨ। ਕੌਮਾਂਤਰੀ ਪੱਧਰ 'ਤੇ ਵੀ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਰਹਿਣ ਨਾਲ ਸਥਾਨਕ ਬਾਜ਼ਾਰ 'ਚ ਇਨ੍ਹਾਂ 'ਚ ਗਿਰਾਵਟ ਰਹੀ।
ਉੱਧਰ, ਵਿੱਤ ਮੰਤਰੀ ਅਰੁਣ ਜੇਟਲੀ ਨੇ ਅੱਜ ਪ੍ਰਮੁੱਖ ਜਿੰਸ ਐਕਸਜੇਂਸ ਐਮਸੀਐਕਸ ਵਿੱਚ ਸੋਨੇ ਦੇ ਵਿਕਲਪ ਕੰਮ-ਕਾਜ ਦਾ ਸ਼ੁੱਭ ਆਰੰਭ ਕਰਦੇ ਹੋਏ ਕਿਹਾ ਕਿ ਇਸਤੋਂ ਪੀਲੀ ਧਾਤੂ ਦਾ ਵਪਾਰ ਸੰਗਠਿਤ ਹੋ ਸਕੇਗਾ। ਇਹ ਸੋਨੇ ਦੇ ਸੰਗਠਿਤ ਤਰੀਕੇ ਨਾਲ ਕੰਮ-ਕਾਜ ਦੀ ਦਿਸ਼ਾ ਵਿੱਚ ਇੱਕ ਕਦਮ ਹੈ।