
ਨਵੀਂ
ਦਿੱਲੀ, 29 ਅਕਤੂਬਰ : ਚਾਰ ਨਵੰਬਰ ਨੂੰ ਮਨਾਏ ਜਾਣ ਵਾਲੇ ਬਾਬੇ ਨਾਨਕ ਦੇ ਪ੍ਰਕਾਸ਼
ਦਿਹਾੜੇ ਦੇ ਸਨਮੁਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡੀਉ ਪ੍ਰੋਗਰਾਮ 'ਮਨ ਕੀ
ਬਾਤ' ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ, ਸਿੱਖਾਂ ਦੇ ਹੀ ਗੁਰੂ ਨਹੀਂ ਸਗੋਂ ਜਗਤ-ਗੁਰੂ
ਹਨ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੀ ਭਲਾਈ ਬਾਰੇ ਸੋਚਿਆ ਅਤੇ ਸਾਰੀਆਂ ਜਾਤਾਂ ਦੇ ਲੋਕਾਂ
ਨੂੰ ਬਰਾਬਰ ਦਸਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਔਰਤਾਂ ਦੇ ਹੱਕਾਂ ਦੀ ਗੱਲ
ਕੀਤੀ ਅਤੇ ਔਰਤ ਦੇ ਸਤਿਕਾਰ 'ਤੇ ਵੀ ਜ਼ੋਰ ਦਿਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ
ਨਾਨਕ ਦੇਵ ਜੀ ਨੇ ਪੈਦਲ ਹੀ 28 ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਇਸ ਦੌਰਾਨ ਸੱਚੀ
ਮਾਨਵਤਾ ਦਾ ਸੁਨੇਹਾ ਦਿਤਾ। ਉਨ੍ਹਾਂ ਲੋਕਾਂ ਨਾਲ ਸੰਵਾਦ ਰਚਾਇਆ ਅਤੇ ਉਨ੍ਹਾਂ ਨੂੰ
ਸਚਾਈ, ਤਿਆਗ ਤੇ ਮਿਹਨਤ ਦਾ ਮਾਰਗ ਵਿਖਾਇਆ। ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ
ਲੰਗਰ ਚਲਾਇਆ ਜਿਸ ਨਾਲ ਲੋਕਾਂ ਅੰਦਰ ਸੇਵਾ-ਭਾਵਨਾ ਪੈਦਾ ਹੋਈ।
ਇਕੱਠੇ ਬੈਠ ਕੇ ਲੰਗਰ ਛਕਣ
ਨਾਲ ਲੋਕਾਂ ਅੰਦਰ ਏਕਤਾ ਅਤੇ ਬਰਾਬਰੀ ਦੀ ਭਾਵਨਾ ਪੈਦਾ ਹੋਈ। ਗੁਰੂ ਨਾਨਕ ਦੇਵ ਜੀ ਨੇ
ਸਾਰਥਕ ਜੀਵਨ ਦੇ ਤਿੰਨ ਸੁਨੇਹੇ ਦਿਤੇ-ਰੱਬ ਦਾ ਨਾਮ ਜਪੋ, ਮਿਹਨਤ ਕਰੋ ਅਤੇ ਲੋੜਵੰਦਾਂ ਦੀ
ਮਦਦ ਕਰੋ। ਉਨ੍ਹਾਂ ਨੇ ਅਪਣੀ ਗੱਲ ਕਹਿਣ ਲਈ ਗੁਰਬਾਣੀ ਦੀ ਰਚਨਾ ਵੀ ਕੀਤੀ। ਮੋਦੀ ਨੇ
ਕਿਹਾ ਕਿ ਸਾਲ 2019 ਵਿਚ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ
ਜਾ ਰਹੇ ਹਾਂ। (ਏਜੰਸੀ)