
ਠਾਣੇ, 19 ਸਤੰਬਰ: ਇਕ
ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਭਗੋੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ
ਇਕਬਾਲ ਕਾਸਕਰ ਦੇ ਦੋ ਸਹਿਯੋਗੀਆਂ ਨੂੰ ਹਫ਼ਤਾ ਵਸੂਲੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ
ਹੈ।
ਪੁਲਿਸ ਨੇ ਕਿਹਾ ਕਿ ਕਾਸਕਰ ਅਤੇ ਉਸ ਦੇ ਸਹਿਯੋਗੀ ਕਥਿਤ ਤੌਰ 'ਤੇ ਠਾਣੇ 'ਚ ਇਕ
ਪ੍ਰਮੁੱਖ ਬਿਲਡਰ ਨੂੰ ਦਾਊਦ ਦੇ ਨਾਂ 'ਤੇ2013 ਤੋਂ ਹੀ ਧਮਕਾ ਰਹੇ ਸਨ। ਉਨ੍ਹਾਂ ਨੇ
ਬਿਲਡਰ ਕੋਲੋਂ 30 ਲੱਖ ਰੁਪਏ ਅਤੇ ਚਾਰ ਫ਼ਲੈਟ ਵੀ ਲਏ ਸਨ।
ਠਾਣੇ ਦੇ ਪੁਲਿਸ ਕਮਿਸ਼ਨਰ
ਪਰਮ ਬੀਰ ਸਿੰਘ ਨੇ ਦਸਿਆ ਕਿ ਮੁਮਤਾਜ ਸ਼ੇਖ ਅਤੇ ਇਸਰਾਰ ਅਲੀ ਜਮੀਲ ਸਈਅਦ ਨੂੰ ਪਹਿਲਾਂ
ਹਿਰਾਸਤ 'ਚ ਲਿਆ ਗਿਆ। ਬਾਅਦ 'ਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀ
ਨੇ ਕਿਹਾ ਕਿ ਇਸ ਤੋਂ ਇਲਾਵਾ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਇਕ ਕਰੀਬੀ ਰਿਸ਼ਤੇਦਾਰ
ਇਕਬਾਲ ਪਾਰਕਰ ਅਤੇ ਡਰੱਗ ਡੀਲਰ ਮੁਹੰਮਦ ਯਾਸੀਨ ਖਵਾਜਾ ਹੁਸੈਨ ਨੂੰ ਵੀ ਇਸ ਮਾਮਲੇ 'ਚ
ਹਿਰਾਸਤ 'ਚ ਲਿਆ ਗਿਆ। ਐਨਕਾਊਂਟ ਮਾਹਰ ਅਤੇ ਜਬਰਦਸਤੀ ਵਸੂਲੀ ਵਿਰੋਧੀ ਸੈੱਲ ਦੇ ਸੀਨੀਅਰ
ਪੁਲਿਸ ਇੰਸਪੈਕਟਰ ਪ੍ਰਦੀਪ ਸ਼ਰਮਾ ਦੀ ਅਗਵਾਈ 'ਚ ਟੀਮ ਨੇ ਕੇਂਦਰੀ ਮੁੰਬਈ ਦੇ ਨਾਗਪਾੜਾ
ਇਲਾਕੇ 'ਚੋਂ ਕਾਸਕਰ ਨੂੰ ਉਸ ਦੀ ਭੈਣ ਹਸੀਨਾ ਦੇ ਘਰ ਤੋਂ ਬੀਤੀ ਰਾਤ ਹਿਰਾਸਤ 'ਚ ਲਿਆ
ਸੀ।
ਪੁਲਿਸ ਇਸ ਮਾਮਲੇ 'ਚ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਮਾਮਲੇ 'ਚ ਦਾਊਦ
ਇਬਰਾਹਿਮ ਦੀ ਵੀ ਭੂਮਿਕਾ ਹੈ? ਜੇਕਰ ਅਜਿਹਾ ਪਤਾ ਲਗਦਾ ਹੈ ਤਾਂ ਉਸ ਨੂੰ ਵੀ ਮਾਮਲੇ 'ਚ
ਮੁਲਜ਼ਮ ਬਣਾਇਆ ਜਾਵੇਗਾ। ਕਾਸਕਰ ਅਤੇ ਉਸ ਦੇ ਸਹਿਯੋਗੀਆਂ ਨੇ ਕਥਿਤ ਤੌਰ 'ਤੇ ਦਾਊਦ ਦੇ
ਨਾਂ 'ਤੇ ਬਿਲਡਰ ਕੋਲੋਂ 30 ਲੱਖ ਰੁਪਏ ਅਤੇ ਚਾਰ ਫ਼ਲੈਟ ਮੰਗੇ ਸਨ। ਉਨ੍ਹਾਂ ਅਪਣੇ ਇਕ
ਸਹਿਯੋਗੀ ਨੂੰ ਰੁਪਏ ਵਸੂਲਣ ਲਈ ਬਿਲਡਰ ਦੇ ਦਫ਼ਤਰ ਅਤੇ ਨਿਰਮਾਣ ਵਾਲੀ ਥਾਂ ਉਤੇ ਵੀ ਭੇਜਿਆ
ਸੀ। ਪੁਲਿਸ ਨੇ ਕਿਹਾ ਕਿ ਬਿਲਡਰ ਨੇ ਬਾਅਦ 'ਚ ਪੰਜ ਕਰੋੜ ਰੁਪਏ ਦੇ ਚਾਰ ਫ਼ਲੈਟ ਅਤੇ 30
ਲੱਖ ਰੁਪਏ ਨਕਦ ਕਾਸਕਰ ਨੂੰ ਦਿਤੇ ਸਨ। ਇਸ ਤੋਂ ਬਾਅਦ ਵੀ ਉਸ ਨੂੰ ਮੁਲਜ਼ਮਾਂ ਵਲੋਂ ਧਮਕੀ
ਦਿਤੀ ਜਾ ਰਹੀ। ਚਾਰ ਫ਼ਲੈਟਾਂ ਵਿਚੋਂ ਤਿੰਨ ਨੂੰ ਵੇਚ ਦਿਤਾ ਗਿਆ ਸੀ ਜਦਕਿ ਚੌਥਾ ਫ਼ਲੈਟ
ਸਈਅਦ ਨਾਂ ਦੇ ਵਿਅਕਤੀ ਦੇ ਨਾਂ ਉਤੇ ਰਜਿਸਟਰਡ ਹੈ ਜੋ ਉਥੇ ਪਿਛਲੇ ਕਈ ਸਾਲ ਤੋਂ ਰਹਿ
ਰਿਹਾ ਸੀ। (ਪੀਟੀਆਈ)