
ਮੁੰਬਈ: ਨਵੇਂ ਸਾਲ ਵਾਲੇ ਦਿਨ ਲੰਦਨ ਤੋਂ ਮੁੰਬਈ ਆ ਰਹੇ ਜਹਾਜ਼ ਦਾ ਪਾਇਲਟ ਅਤੇ ਉਸ ਦੀ ਸਹਿ ਪਾਇਲਟ ਪਤਨੀ ਆਪਸ ਵਿਚ ਲੜ ਗਏ। ਗਨੀਮਤ ਇਹ ਰਹੀ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ। ਜੈਟ ਏਅਰਵੇਜ਼ ਦਾ ਜਹਾਜ਼ ਹਜ਼ਾਰਾਂ ਫ਼ੁਟ ਉਪਰ ਫ਼ੁਲ ਸਪੀਡ 'ਤੇ ਅਪਣੀ ਮੰਜ਼ਲ ਵਲ ਵਧ ਰਿਹਾ ਸੀ ਤੇ ਇਸ ਵਿਚ 324 ਮੁਸਾਫ਼ਰ ਸਨ।
ਸਭ ਕੁੱਝ ਠੀਕ ਸੀ ਪਰ ਅਚਾਨਕ ਜਹਾਜ਼ ਦੀ ਮਹਿਲਾ ਪਾਇਲਟ ਕਾਕਪਿਟ ਵਿਚੋਂ ਬਾਹਰ ਆ ਕੇ ਰੋਣ ਲੱਗ ਪਈ। ਮਹਿਲਾ ਪਾਇਲਟ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਕੈਬਿਨ ਅਮਲਾ ਹੈਰਾਨ ਰਹਿ ਗਿਆ। ਕਾਕਪਿਟ ਵਿਚ ਸਿਰਫ਼ ਇਕ ਸਹਿ ਪਾਇਲਟ ਤੈਨਾਤ ਸੀ ਅਤੇ ਬਾਹਰ ਮਹਿਲਾ ਕੈਪਟਨ ਰੋ ਰਹੀ ਸੀ। ਆਖ਼ਰਕਾਰ ਉਸ ਨੂੰ ਸਮਝਾ ਕੇ ਵਾਪਸ ਕਾਕਪਿਟ ਵਿਚ ਭੇਜਿਆ ਗਿਆ।
ਦਰਅਸਲ ਮਹਿਲਾ ਪਾਇਲਟ ਨੂੰ ਸਹਿ ਪਾਇਲਟ ਪਤੀ ਨੇ ਥੱਪੜ ਮਾਰ ਦਿਤਾ ਸੀ। ਮਾਮਲਾ ਧਿਆਨ ਵਿਚ ਆਉਣ ਮਗਰੋਂ ਕੈਪਟਨ ਮਹਿਲਾ ਦਾ ਲਾਇਸੰਸ ਰੱਦ ਕਰ ਦਿਤਾ ਗਿਆ ਹੈ ਤੇ ਨਾਲ ਹੀ ਪਾਇਲਟ ਅਤੇ ਸਹਿ ਪਾਇਲਟ ਨੂੰ ਕੰਮ ਕਰਨ ਤੋਂ ਰੋਕ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮੁਲਾਜ਼ਮਾਂ ਦੀ ਸੁਰੱਖਿਆ ਸਭ ਤੋਂ ਉਪਰ ਹੈ।