
ਜੰਮੂ, 4 ਜਨਵਰੀ: ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਬੀਐਸਐਫ਼ ਜਵਾਨ ਦੀ ਸ਼ਹਾਦਤ ਦਾ ਬਦਲਾ ਭਾਰਤ ਨੇ 24 ਘੰਟਿਆਂ ਵਿਚ ਲੈ ਲਿਆ। ਭਾਰਤੀ ਫ਼ੌਜ ਨੇ 10 ਪਾਕਿਸਤਾਨੀ ਰੇਂਜਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਉਂਜ ਇਸ ਅੰਕੜੇ ਦੀ ਹਾਲੇ ਪੁਸ਼ਟੀ ਨਹੀਂ ਹੋਈ। ਫ਼ੌਜ ਨੇ ਇਸ ਕਾਰਵਾਈ ਨੂੰ ਬੁਧਵਾਰ ਦੇਰ ਰਾਤ ਨੂੰ ਅੰਜਾਮ ਦਿਤਾ ਜਿਸ ਵਿਚ ਪਾਕਿਸਤਾਨ ਦੀਆਂ ਦੋ ਚੌਕੀਆਂ ਨੂੰ ਵੀ ਤਬਾਹ ਕਰ ਦਿਤਾ ਗਿਆ। ਇਸ ਹਮਲੇ ਵਿਚ 10 ਪਾਕਿਸਤਾਨੀ ਰੇਂਜਰ ਮਾਰੇ ਗਏ। ਬੀਐਸਐਫ਼ ਦੇ ਆਈਜੀ ਰਾਮ ਅਵਤਾਰ ਨੇ ਦਸਿਆ ਕਿ ਬੀਐਸਐਫ਼ ਜਵਾਨਾਂ ਨੇ ਬੁਧਵਾਰ ਨੂੰ ਦੋ ਪਾਕਿਸਤਾਨੀ ਮੋਰਟਾਰਾਂ ਦੀ ਪੁਜ਼ੀਸ਼ਨ ਦਾ ਪਤਾ ਲਾਇਆ ਸੀ ਅਤੇ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਤਬਾਹ ਕਰ ਦਿਤਾ।
ਇਕ ਹੋਰ ਘਟਨਾ ਵਿਚ ਬੀਐਸਐਫ਼ ਦੇ ਜਵਾਨਾਂ ਨੇ ਅੱਜ ਜੰਮੂ ਵਿਖੇ ਕੌਮਾਂਤਰੀ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦਿਆਂ ਇਕ ਘੁਸਪੈਠੀਏ ਨੂੰ ਮਾਰ ਦਿਤਾ। ਜ਼ਿਕਰਯੋਗ ਹੈ ਕਿ ਕਲ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਫ਼ੌਜ ਦਾ ਜਵਾਨ ਮਾਰਿਆ ਗਿਆ ਸੀ। ਜੰਮੂ ਵਿਚ ਬੀਐਸਐਫ਼ ਦੇ ਆਈਜੀ ਰਾਮ ਅਵਤਾਰ ਨੇ ਕਿਹਾ ਕਿ ਫ਼ੌਜੀਆਂ ਨੇ ਸਰਹੱਦ ਨੇੜੇ ਦੋ-ਤਿੰਨ ਵਿਅਕਤੀਆਂ ਦੀ ਘੁਸਪੈਠ ਨੂੰ ਮਹਿਸੂਸ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਫ਼ੌਜੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਸ ਦੇ ਜਵਾਬ ਵਿਚ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਘੁਸਪੈਠੀਏ ਦੀ ਮੌਤ ਹੋ ਗਈ ਜਦਕਿ ਬਾਕੀ ਘੁਸਪੈਠੀਏ ਮੌਕੇ 'ਤੇ ਫ਼ਰਾਰ ਹੋ ਗਏ। ਮ੍ਰਿਤਕ ਦੀ ਉਮਰ 30 ਸਾਲ ਦੇ ਨੇੜੇ ਹੈ। ਬੀਐਸਐਫ਼ ਦੇ ਬੁਲਾਰੇ ਨੇ ਦਸਿਆ ਕਿ ਬੀਤੇ ਦਿਨੀਂ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ਼ ਦੇ ਜਵਾਨ ਆਰਪੀ ਹਜ਼ਾਰਾ ਦੀ ਮੌਤ ਹੋ ਗਈ ਸੀ। ਪਾਕਿਸਤਾਨ ਨੇ ਗੋਲੀਬਾਰੀ ਕਰ ਕੇ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ। (ਪੀ.ਟੀ.ਆਈ.)