
ਲਾਹੌਰ, 6 ਫ਼ਰਵਰੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਸ਼ਮੀਰ ਮਸਲੇ ਨੂੰ ਦੋਸਤਾਨਾ ਤਰੀਕੇ ਨਾਲ ਸੁਲਝਾਉਣ ਲਈ ਤਿਆਰ ਸਨ ਪਰ ਚੋਣ ਪ੍ਰਚਾਰ ਦੌਰਾਨ ਰਾਜੀਵ ਦੀ ਹਤਿਆ ਕਰ ਦਿਤੀ ਗਈ। ਜ਼ਰਦਾਰੀ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਕਸ਼ਮੀਰ ਮੁੱਦੇ 'ਤੇ ਯੋਜਨਾ ਤਿਆਰ ਕੀਤੀ ਸੀ ਪਰ ਹੋਰ ਜਨਰਲ ਉਸ ਬਾਰੇ ਸਹਿਮਤ ਨਾ ਹੋਏ। ਕਲ ਸ਼ਾਮ ਰੈਲੀ ਵਿਚ ਜ਼ਰਦਾਰੀ ਨੇ ਕਿਹਾ, 'ਬੀਬੀ ਸਾਹਿਬਾ ਨੇ 1990 ਵਿਚ ਰਾਜੀਵ ਗਾਂਧੀ ਨਾਲ ਗੱਲ ਕੀਤੀ ਸੀ ਤੇ ਉਹ ਦੋਸਤਾਨਾ ਢੰਗ ਨਾਲ ਕਸ਼ਮੀਰ ਮਸਲੇ ਨੂੰ ਸੁਲਝਾਉਣ 'ਤੇ ਸਹਿਮਤ ਹੋਏ ਸਨ।
ਰਾਜੀਵ ਨੇ ਬੇਨਜ਼ੀਰ ਨੂੰ ਕਿਹਾ ਸੀ ਕਿ ਪਿਛਲੇ 10 ਸਾਲਾਂ ਵਿਚ ਜਨਰਲ ਜ਼ੀਆ ਸਮੇਤ ਪਾਕਿਸਤਾਨ ਤੋਂ ਕਿਸੇ ਨੇ ਵੀ ਇਸ ਮੁੱਦੇ 'ਤੇ ਸਾਡੇ ਨਾਲ ਗੱਲ ਨਹੀਂ ਕੀਤੀ।' ਸਾਬਕਾ ਰਾਸ਼ਟਰਪਤੀ ਨੇ ਕਿਹਾ, 'ਰਾਜੀਵ ਨੇ ਮੰਨਿਆ ਸੀ ਕਿ ਕਸ਼ਮੀਰ ਅਹਿਮ ਮੁੱਦਾ ਹੈ ਅਤੇ ਇਸ ਨੂੰ ਸੁਲਝਾਇਆ ਜਾਵੇ।' ਰਾਜੀਵ ਨੇ ਕਿਹਾ ਸੀ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਚੁਕਣਗੇ ਪਰ 1991 ਵਿਚ ਉਨ੍ਹਾਂ ਦੀ ਹਤਿਆ ਕਰ ਦਿਤੀ ਗਈ। 21 ਮਈ 1991 ਨੂੰ ਤਾਮਿਲਨਾਡੂ ਵਿਚ ਚੋਣ ਪ੍ਰਚਾਰ ਦੌਰਾਨ ਰਾਜੀਵ ਗਾਂਧੀ ਦੀ ਹਤਿਆ ਕਰ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਬੇਨਜ਼ੀਰ ਮਗਰੋਂ 2008 ਤੋਂ 2013 ਤਕ ਰਹੀ ਪੀਪੀਪੀ ਦੀ ਸਰਕਾਰ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਾਹਮਣੇ ਕਸ਼ਮੀਰ ਦਾ ਮੁੱਦਾ ਚੁਕਿਆ ਸੀ। (ਏਜੰਸੀ)